‘ਸਰਚ ਐਂਡ ਰੈਸਕਿਊ’ ਟ੍ਰੇਨਿੰਗ ਸੈਸ਼ਨ ਕਰਵਾਇਆ
ਯੁਵਾ ਆਪਦਾ ਮਿੱਤਰਾ ਟਰੇਨਿੰਗ ਤਹਿਤ ਦੂਜੇ ਦਿਨ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ ਸਰਚ ਐਂਡ ਰੈਸਕਿਊ ਦਾ ਅਭਿਆਸ
Publish Date: Mon, 17 Nov 2025 05:35 PM (IST)
Updated Date: Mon, 17 Nov 2025 05:37 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਚੰਡੀਗੜ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਚਲ ਰਹੀ ਯੁਵਾ ਆਪਦਾ ਮਿੱਤਰਾ ਟਰੇਨਿੰਗ ਦਾ ਦੂਜਾ ਦਿਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਚ ਕਰਵਾਇਆ ਗਿਆ। ਇਹ ਟਰੇਨਿੰਗ ਮਾਣਯੋਗ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਈ ਗਈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਦਾ ਤਿਆਰੀ ਅਤੇ ਕਮਿਊਨਿਟੀ ਸੁਰੱਖਿਆ ਲਈ ਸਾਜ਼ੋ-ਸਾਮਾਨ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਮਗਸੀਪਾ ਦੇ ਜਨਰਲ ਮੈਨੇਜਰ ਆਫ ਡਿਜਾਸਟਰ ਮੈਨੇਜਮੈਂਟ ਦਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਡਿਜ਼ਾਸਟਰ ਮੈਨੇਜਮੈਂਟ, ਐਮਰਜੈਂਸੀ ਰਿਸਪਾਂਸ, ਫਸਟ-ਏਡ ਅਤੇ ਸਰਚ ਤੇ ਰੈਸਕਿਊ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਅਮਰਿੰਦਰ ਸਿੰਘ, ਅਮਨ ਮਨਕੋਟੀਆ, ਰਮਨਦੀਪ ਸਿੰਘ, ਸੁਮਿਤ ਸਿੰਘ, ਮਹਿਕਪ੍ਰੀਤ ਸਿੰਘ, ਨਰਿੰਦਰ ਸਿੰਘ ਜੌਨਸਨ ਅਤੇ ਜਸਵੀਰ ਸਿੰਘ ਦੀ ਟੀਮ ਵੱਲੋਂ ਦਿਨ ਭਰ ਪ੍ਰੈਕਟੀਕਲ ਡ੍ਰਿਲ, ਡੈਮੋ ਅਤੇ ਇੰਟਰਐਕਟਿਵ ਸੈਸ਼ਨ ਕੀਤੇ। ਇਸ ਦੌਰਾਨ ਲਗਭਗ 150 ਐੱਨਐੱਸਐੱਸ ਵਾਲੰਟੀਅਰਾਂ ਨੇ ਟਰੇਨਿੰਗ ਵਿਚ ਭਾਗ ਲਿਆ ਅਤੇ ਰਿਸਪਾਂਸ ਤੇ ਬਚਾਅ ਕਾਰਜਾਂ ਦੀਆਂ ਪ੍ਰਾਇਮਰੀ ਤਕਨੀਕਾਂ ਸਿੱਖੀਆਂ। ਇਹ ਟਰੇਨਿੰਗ ਨੌਜਵਾਨਾਂ ਨੂੰ ਭਵਿੱਖ ਵਿਚ ਕਿਸੇ ਵੀ ਕੁਦਰਤੀ ਆਫਤ ਜਾਂ ਐਮਰਜੈਂਸੀ ਦੇ ਸਮੇਂ ਪਹਿਲੇ ਰਿਸਪਾਂਡਰ ਵਜੋਂ ਕੰਮ ਕਰਨ ਯੋਗ ਬਣਾਉਣ ਲਈ ਕਰਵਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਤੇ ਯੂਨੀਵਰਸਿਟੀ ਪ੍ਰਬੰਧਨ ਨੇ ਵਾਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਨੌਜਵਾਨ ਸਮਾਜ ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਵਿਚ ਭੂਮਿਕਾ ਨਿਭਾ ਸਕਦੇ ਹਨ।