ਰਾਖਵਾਂਕਰਨ ਨੀਤੀ ਦੀ ਉਲੰਘਣਾ ਖ਼ਿਲਾਫ਼ ਰੋਸ ਮੁਜ਼ਾਹਰਾ
ਰਾਖਵਾਂਕਰਨ ਨੀਤੀ ਦੀ ਉਲੰਘਣਾ ਖ਼ਿਲਾਫ਼ ਐੱਸਸੀ/ਬੀਸੀ ਅਧਿਆਪਕ ਯੂਨੀਅਨ ਦਾ ਜ਼ਿਲ੍ਹਾ ਫਿਰੋਜ਼ਪੁਰ ’ਚ ਰੋਸ ਮੁਜ਼ਾਹਰਾ
Publish Date: Wed, 28 Jan 2026 06:18 PM (IST)
Updated Date: Wed, 28 Jan 2026 06:22 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਰਾਖਵਾਂਕਰਨ ਨੀਤੀ ਦੀ ਉਲੰਘਣਾ ਦੇ ਵਿਰੋਧ ਵਜੋਂ ਪੂਰੇ ਪੰਜਾਬ ਵਿਚ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਹੈੱਡਕੁਆਰਟਰ ਫਿਰੋਜ਼ਪੁਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਹਰਦੀਪ ਸਿੰਘ ਤੂਰ, ਮੀਤ ਪ੍ਰਧਾਨ ਪੰਜਾਬ ਨੇ ਕੀਤੀ। ਵੱਡੀ ਗਿਣਤੀ ਵਿਚ ਐੱਸਸੀ/ਬੀਸੀ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਇਸ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਸਮਾਜਿਕ ਨਿਆਂ ਅਧਿਕਾਰਿਤ ਵਿਭਾਗ ਦੇ ਮੰਤਰੀ ਅਤੇ ਸਕੱਤਰ ਭਲਾਈ ਵਿਭਾਗ ਦੇ ਪੁਤਲੇ ਸਾੜੇ।ਬੁਲਾਰਿਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਸਿੱਧੀ ਭਰਤੀ ਦੌਰਾਨ ਓਪਨ ਮੈਰਿਟ ਵਿਚ ਆਏ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਗਲਤ ਤਰੀਕੇ ਨਾਲ ਰੋਸਟਰ ਨੁਕਤਿਆਂ ’ਤੇ ਗਿਣਿਆ ਜਾ ਰਿਹਾ ਹੈ, ਜੋ ਮਾਨਯੋਗ ਸੁਪਰੀਮ ਕੋਰਟ ਦੇ ਆਰਕੇ ਸੱਭਰਵਾਲ ਕੇਸ ਦੇ ਫੈਸਲੇ ਅਤੇ ਵੈਲਫੇਅਰ ਵਿਭਾਗ ਵੱਲੋਂ 10 ਜੁਲਾਈ 1995 ਨੂੰ ਜਾਰੀ ਹਦਾਇਤਾਂ ਦੀ ਸਪਸ਼ਟ ਉਲੰਘਣਾ ਹੈ।ਉਨ੍ਹਾਂ ਦੱਸਿਆ ਕਿ ਭਰਤੀ ਉਪਰੰਤ ਤਿਆਰ ਕੀਤੇ ਜਾਣ ਵਾਲੇ ਰੋਸਟਰ ਰਜਿਸਟਰਾਂ ਵਿਚ ਵੀ ਓਪਨ ਮੈਰਿਟ ਕਰਮਚਾਰੀਆਂ ਨੂੰ ਰਾਖਵੇਂ ਨੁਕਤਿਆਂ ’ਤੇ ਦਰਜ ਕੀਤਾ ਜਾ ਰਿਹਾ ਹੈ ਅਤੇ ਰਾਖਵਾਂਕਰਨ ਸੈੱਲ ਵੱਲੋਂ ਬਿਨ੍ਹਾ ਪੜਤਾਲ ਕੀਤੇ ਅਜਿਹੇ ਗਲਤ ਰੋਸਟਰ ਮਨਜ਼ੂਰ ਕੀਤੇ ਜਾ ਰਹੇ ਹਨ। ਇਹੀ ਹਾਲਤ ਤਰੱਕੀਆਂ ਵਿਚ ਵੀ ਬਣੀ ਹੋਈ ਹੈ। ਧਰਨੇ ਉਪਰੰਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦੋ ਪੀਏ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਚੇਤਾਵਨੀ ਦਿੱਤੀ ਗਈ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।