ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਰਜਿਟਰੇਸ਼ਨ ਲਈ ਚਾਰ ਥਾਂਵਾਂ ’ਤੇ ਪਾਇਲਟ ਪ੍ਰਾਜੈਕਟ ਨਾਲ ਕੀਤੀ ਸ਼ੁਰੂਆਤ : ਡਾ. ਕਵਿਤਾ ਸਿੰਘ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਰਜਿਟਰੇਸ਼ਨ ਲਈ ਚਾਰ ਥਾਂਵਾਂ ਤੇ ਪਾਇਲਟ ਪ੍ਰੋਜੈਕਟ ਨਾਲ ਕੀਤੀ ਸੁਰੂਆਤ: ਡਾ.ਕਵਿਤਾ ਸਿੰਘ।
Publish Date: Mon, 19 Jan 2026 05:00 PM (IST)
Updated Date: Mon, 19 Jan 2026 05:03 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਹੀ ਡਾ.ਕਵਿਤਾ ਸਿੰਘ ਸਿਵਲ ਸਰਜਨ ਅਤੇ ਡਾ.ਏਰਿਕ ਡਿਪਟੀ ਮੈਡੀਕਲ ਕਮਿਸ਼ਨਰ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਅੱਜ ਅਬੋਹਰ ਸ਼ਹਿਰ ਦੇ ਚਾਰ ਵਾਰਡਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇਸ ਯੋਜਨਾ ਤਹਿਤ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਦੇ ਹਰੇਕ ਨਾਗਰਿਕ ਨੂੰ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣ। ਇਸ ਟੀਚੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਪਾਇਲਟ ਪ੍ਰੋਜੈਕਟ ਤਹਿਤ ਰਜਿਸਟ੍ਰੇਸ਼ਨ ਅੱਜ ਅਬੋਹਰ ਦੇ ਚਾਰ ਵਾਰਡਾਂ ਵਿਚ ਕੀਤੀ ਗਈ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਲਈ ਵੱਡਾ ਵਰਦਾਨ ਸਾਬਤ ਹੋਵੇਗੀ। ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਆਉਣ ਵਾਲੇ ਸਮੇਂ ਵਿਚ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸਰਕਾਰੀ ਅਤੇ ਐਮਪੈਨਲਡ ਪ੍ਰਾਈਵੇਟ ਹਸਪਤਾਲਾਂ ਵਿੱਚ ਪ੍ਰਦਾਨ ਕੀਤਾ ਜਾਵੇਗਾ। ਡਾ. ਏਰਿਕ ਨੇ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਆਯੂਸ਼ਮਾਨ ਯੋਜਨਾ ਤਹਿਤ ਕਾਰਡ ਬਣੇ ਹੋਏ ਹਨ, ਉਹਨਾਂ ਨੂੰ 10 ਲੱਖ ਬੀਮਾ ਯੋਜਨਾ ਤਹਿਤ ਕਵਰ ਕਰਨ ਲਈ ਰੀ-ਕੇ.ਵਾਈ.ਸੀ ਕੀਤੀ ਜਾਵੇਗੀ। ਕੋਈ ਵੀ ਯੋਗ ਪਰਿਵਾਰ ਸਿਹਤ ਬੀਮਾ ਯੋਜਨਾ ਦੇ ਲਾਭ ਤੋਂ ਵੰਚਿਤ ਨਾ ਰਹੇ। ਇਸ ਲਈ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਲੋਕਾਂ ਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਕਾਰਡ ਦੀ ਰਜਿਸਟਰੇਸ਼ਨ ਸ਼ੁਰੂ ਹੋਣ ਤੇ, ਪਹਿਲੇ ਬਣੇ ਕਾਰਡਾਂ ਦੀ ਰੀ-ਕੇ.ਵਾਈ.ਸੀ ਕੀਤੀ ਜਾਵੇਗੀ। ਇਸ ਦੌਰਾਨ ਜਿਲਾ ਮਾਸ ਮੀਡੀਆ ਅਫਸਰ ਵਿਨੋਦ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਬੀ.ਈ.ਈ ਦਿਵੇਸ਼ ਕੁਮਾਰ, ਆਯੂਸ਼ਮਾਨ ਜ਼ਿਲ੍ਹਾ ਕੋਆਰਡੀਨੇਟਰ ਪ੍ਰਿਆ, ਸੀ.ਐਸ.ਸੀ ਸੈਂਟਰਾਂ ਦੇ ਮੁਲਾਜ਼ਮ, ਪਾਰਟੀ ਅਹੁਦੇਦਾਰ ਤੇ ਵਰਕਰ ਅਤੇ ਹੋਰ ਲੋਕ ਮੌਜੂਦ ਸਨ।