ਡੇਰਾ ਬਿਆਸ ਮੁੱਖੀਆਂ ਨੂੰ ਮਿਲੇ ਰਾਣਾ ਸੋਢੀ ਤੇ ਹੀਰਾ ਸੋਢੀ
ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੀਰਾ ਸੋਢੀ ਨੇ ਡੇਰਾ ਬਿਆਸ ਦੇ ਮੁੱਖੀਆਂ ਨਾਲ ਕੀਤੀ ਮੁਲਾਕਾਤ
Publish Date: Mon, 01 Dec 2025 06:23 PM (IST)
Updated Date: Mon, 01 Dec 2025 06:23 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਹਾਨ ਸ਼ਖ਼ਸੀਅਤ ਅਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹਜ਼ੂਰ ਜਸਦੀਪ ਸਿੰਘ ਗਿੱਲ ਨਾਲ ਅੱਜ ਸਾਬਕਾ ਮੰਤਰੀ ਤੇ ਸਿਆਸੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੀਰਾ ਸੋਢੀ ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਪਵਿੱਤਰ ਮੌਕੇ ’ਤੇ ਉਨ੍ਹਾਂ ਨੇ ਡੇਰਾ ਮੁੱਖੀਆਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਮੁਲਾਕਾਤ ਡੇਰਾ ਬਿਆਸ ਵਿਖੇ ਹੋਈ, ਜਿੱਥੇ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੀਰਾ ਸੋਢੀ ਨੇ ਨਿਮਰਤਾ ਸਹਿਤ ਸੰਤਾਂ-ਮਹਾਂਪੁਰਸ਼ਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਤਿਕਾਰ ਕੀਤਾ। ਮੁਲਾਕਾਤ ਦੌਰਾਨ ਆਤਮਿਕ ਸ਼ਾਂਤੀ, ਮਾਨਵਤਾ ਦੀ ਸੇਵਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਉੱਚਾ ਚੁੱਕਣ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ ਵਟਾਂਦਰਾ ਹੋਇਆ। ਸੋਢੀ ਵੱਲੋਂ ਇਸ ਮੁਲਾਕਾਤ ਨੂੰ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡੇਰਾ ਬਿਆਸ ਦੇ ਮੁੱਖੀ ਸਾਹਿਬਾਨ ਦਾ ਆਸ਼ੀਰਵਾਦ ਅਤੇ ਉਨ੍ਹਾਂ ਦੀ ਪ੍ਰੇਰਨਾ ਸਮਾਜ ਸੇਵਾ ਦੇ ਮਾਰਗ ’ਤੇ ਨਿਰੰਤਰ ਅੱਗੇ ਵਧਣ ਲਈ ਇੱਕ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕਰਦੀ ਹੈ। ਇਸ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਅਤੇ ਜਸਦੀਪ ਸਿੰਘ ਗਿੱਲ ਜੀ ਨੇ ਰਾਣਾ ਸੋਢੀ ਅਤੇ ਹੀਰਾ ਸੋਢੀ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੀਰਾ ਸੋਢੀ ਨੇ ਦੱਸਿਆ ਕਿ ਇਹ ਪਵਿੱਤਰ ਮੁਲਾਕਾਤ ਸਿਰਫ਼ ਇੱਕ ਰਸਮੀ ਭੇਂਟ ਨਹੀਂ ਸੀ, ਸਗੋਂ ਇਹ ਉਨ੍ਹਾਂ ਲਈ ਆਤਮਕ ਸ਼ਾਂਤੀ, ਨਿਮਰਤਾ ਅਤੇ ਸਮਾਜ ਸੇਵਾ ਦੇ ਮਾਰਗ ’ਤੇ ਹੋਰ ਮਜ਼ਬੂਤੀ ਨਾਲ ਅੱਗੇ ਵਧਣ ਲਈ ਇੱਕ ਵੱਡੀ ਪ੍ਰੇਰਣਾ ਦਾ ਸਰੋਤ ਬਣੀ ਹੈ।