ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ: ਫਿਰੋਜ਼ਪੁਰ ਡਿਪੂ ਬੰਦ, ਕੈਂਟ ਅੱਡੇ ਤੋਂ ਚੱਲੀਆਂ ਬੱਸਾਂ
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ: ਫਿਰੋਜ਼ਪੁਰ ਡਿਪੋ ਬੰਦ, ਕੈਂਟ ਅੱਡੇ ਤੋਂ ਚੱਲੀਆਂ ਬੱਸਾਂ
Publish Date: Fri, 28 Nov 2025 06:17 PM (IST)
Updated Date: Fri, 28 Nov 2025 06:20 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕੀਤੀ ਗਈ ਹੈ। ਮੁਲਾਜ਼ਮਾਂ ਨੇ ਸਵੇਰ ਤੋਂ ਹੀ ਸਖ਼ਤੀ ਵਰਤਦਿਆਂ ਰੋਡਵੇਜ਼ ਡਿਪੂਆਂ ਨੂੰ ਜਾਣ ਵਾਲੇ ਸਾਰੇ ਪ੍ਰਮੁੱਖ ਰਸਤਿਆਂ ਨੂੰ ਬੱਸਾਂ ਲਗਾ ਕੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਹੜਤਾਲੀਆਂ ਦਾ ਇਰਾਦਾ ਇੰਨਾ ਪੱਕਾ ਸੀ ਕਿ ਨਾ ਸਿਰਫ਼ ਆਮ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਬਲਕਿ ਬੱਸ ਅੱਡੇ ਦੇ ਆਸ-ਪਾਸ ਦੀਆਂ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵੀ ਲੰਘਣਾ-ਟੱਪਣਾ ਔਖਾ ਹੋ ਗਿਆ। ਇਸ ਸਖ਼ਤ ਹੜਤਾਲ ਦੇ ਮੱਦੇਨਜ਼ਰ ਫਿਰੋਜ਼ਪੁਰ ਬੱਸ ਡਿਪੂ ਪੂਰੀ ਤਰ੍ਹਾਂ ਬੰਦ ਰਿਹਾ। ਡਿਪੂ ਦੇ ਅੰਦਰੋਂ ਜਾਂ ਬਾਹਰੋਂ ਕੋਈ ਵੀ ਬੱਸ ਸੇਵਾ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਲੰਬੇ ਅਤੇ ਛੋਟੇ ਰੂਟਾਂ ’ਤੇ ਜਾਣ ਵਾਲੇ ਸੈਂਕੜੇ ਯਾਤਰੀ ਪ੍ਰੇਸ਼ਾਨ ਹੋਏ। ਜਿੱਥੇ ਸ਼ਹਿਰ ਦਾ ਮੁੱਖ ਡਿਪੋ ਬੰਦ ਰਿਹਾ, ਉੱਥੇ ਹੀ ਫਿਰੋਜ਼ਪੁਰ ਛਾਉਣੀ (ਕੈਂਟ) ਦੇ ਜਨਰਲ ਬੱਸ ਅੱਡੇ ਤੋਂ ਬੱਸਾਂ ਦੀ ਆਵਾਜਾਈ ਆਮ ਵਾਂਗ ਜਾਰੀ ਰਹੀ। ਇਹ ਕੈਂਟ ਅੱਡਾ ਯਾਤਰੀਆਂ ਲਈ ਇੱਕ ਵੱਡੀ ਰਾਹਤ ਬਣ ਕੇ ਉੱਭਰਿਆ। ਹੜਤਾਲ ਦੇ ਬਾਵਜੂਦ, ਇਸ ਅੱਡੇ ਤੋਂ ਬੱਸਾਂ ਸਮੇਂ ਸਿਰ ਚੱਲਦੀਆਂ ਵੇਖੀਆਂ ਗਈਆਂ, ਜਿਸ ਨਾਲ ਵੱਡੀ ਗਿਣਤੀ ਵਿੱਚ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਆਪਣੇ ਸਫ਼ਰ ਨੂੰ ਜਾਰੀ ਰੱਖਿਆ। ਕੈਂਟ ਅੱਡੇ ’ਤੇ ਆਮ ਵਾਂਗ ਸੇਵਾਵਾਂ ਚੱਲਣ ਕਾਰਨ ਕੁਝ ਹੱਦ ਤੱਕ ਆਵਾਜਾਈ ਦੇ ਪ੍ਰਬੰਧ ਨੂੰ ਸੰਭਾਲਿਆ ਜਾ ਸਕਿਆ। ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸ ਸੇਵਾਵਾਂ ’ਤੇ ਵੱਡਾ ਅਸਰ ਪਿਆ ਹੈ।