ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ : ਵਿਧਾਇਕ ਰਣਬੀਰ ਸਿੰਘ ਭੁੱਲਰ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ,
ਫਿਰੋਜ਼ਪੁਰ: ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਵਿਚ ਦਾਖਲਾ ਮੁਹਿੰਮ ਦੀ ਦੇ ਅੱਜ ਦੂਜੇ ਦਿਨ ਦੀ ਸ਼ੁਰੂਆਤ ਸਰਕਾਰੀ ਮਾਡਲ ਸਕੂਲ ਫ਼ਿਰੋਜ਼ਪੁਰ ਸ਼ਹਿਰ ਤੋਂ ਕੀਤੀ ਗਈ। ਇਸ ਮੌਕੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਈਓ ਸੈਕੰਡਰੀ ਮੁਨੀਲਾ ਅਰੋੜਾ ਅਤੇ ਡਿਪਟੀ ਡੀਈਓ ਡਾ. ਸਤਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਕਾਰੀ ਸਕੂਲਾਂ ਦੀ ਸੂਰਤ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲ ਆਧੁਨਿਕ ਢਾਂਚੇ, ਸਮਾਰਟ ਕਲਾਸ ਰੂਮਾਂ, ਡਿਜੀਟਲ ਸਿੱਖਿਆ, ਯੋਗ ਅਤੇ ਤਜਰਬੇਕਾਰ ਅਧਿਆਪਕਾਂ, ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਵਿਦਿਆਰਥੀ-ਹਿਤੈਸ਼ੀ ਸਕੀਮਾਂ ਕਰਕੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਅਤੇ ਮਾਪਿਆਂ ਨੂੰ ਬਿਨਾਂ ਕਿਸੇ ਹਿਚਕਚਾਹਟ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਭੁੱਲਰ ਵੱਲੋਂ ਦਾਖਲਾ ਮੁਹਿੰਮ ਤਹਿਤ ਆਪ ਬੱਚਿਆਂ ਦਾ ਦਾਖਲਾ ਕੀਤਾ ਅਤੇ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਵੱਖ-ਵੱਖ ਬਲਾਕਾਂ ਦੇ ਸਕੂਲਾਂ/ਪਿੰਡਾਂ ਲਈ ਰਵਾਨਾ ਕੀਤਾ।
ਇਸ ਮੌਕੇ ਡੀਈਓ ਪ੍ਰਾਇਮਰੀ ਸੁਨੀਤਾ ਰਾਣੀ ਨੇ ਦੱਸਿਆ ਕਿ ਨਵੇਂ ਸੈਸ਼ਨ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਫ਼ਿਰੋਜ਼ਪੁਰ-1, ਫ਼ਿਰੋਜ਼ਪੁਰ-2 ਅਤੇ ਫ਼ਿਰੋਜ਼ਪੁਰ-3 ਵਿਚ ਦਾਖਲਾ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਅਧਿਆਪਕਾਂ ਦੀਆਂ ਟੀਮਾਂ ਵੱਲੋਂ ਘਰ-ਘਰ ਸੰਪਰਕ ਕਰਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਉਪਲਬੱਧ ਸਿੱਖਿਆਤਮਕ ਅਤੇ ਭੌਤਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਡੀਈਓ ਸੈਕੰਡਰੀ ਮੁਨੀਲਾ ਅਰੋੜਾ ਨੇ ਕਿਹਾ ਕਿ ਵਿਭਾਗ ਦਾ ਮੁੱਖ ਉਦੇਸ਼ ਹਰ ਬੱਚੇ ਨੂੰ ਗੁਣਵੱਤਾ ਭਰਪੂਰ ਸਿੱਖਿਆ ਨਾਲ ਜੋੜਨਾ ਹੈ ਤਾਂ ਜੋ ਕੋਈ ਵੀ ਬੱਚਾ ਸਕੂਲ ਤੋਂ ਵਾਂਝਾ ਨਾ ਰਹੇ। ਇਸ ਮੌਕੇ ਡਿਪਟੀ ਡੀਈਓ ਸੈਕੰਡਰੀ ਡਾ. ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਅਤੇ ਡਿਪਟੀ ਡੀਈਓ ਪ੍ਰਾਇਮਰੀ ਕੋਮਲ ਅਰੋੜਾ ਨੇ ਦਾਖਲਾ ਮੁਹਿੰਮ ਦੀ ਸਾਰਾਹਨਾ ਕੀਤੀ ਅਤੇ ਅਧਿਆਪਕਾਂ ਨੂੰ ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰੀ ਤੋਂ ਹਲਕਾ ਸਿੱਖਿਆ ਕੋਆਰਡੀਨੇਟਰ ਰਾਜ ਬਹਾਦਰ ਸਿੰਘ ਗਿੱਲ, ਬੀਪੀਈਓ ਸੁਮਨਦੀਪ ਕੌਰ, ਰਣਜੀਤ ਸਿੰਘ, ਰਾਜਨ ਨਰੂਲਾ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ਼ੁਭਾਸ਼ ਚੰਦਰ, ਸੀਐਚਟੀ ਸਾਹਿਬਾਨ, ਅਧਿਆਪਕ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।