ਗੁਰਦੁਆਰਾ ਨਾਨਕ ਨਗਰੀ ਜ਼ੀਰਾ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ
ਗੁਰਦੁਆਰਾ ਨਾਨਕ ਨਗਰੀ ਜ਼ੀਰਾ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ
Publish Date: Sun, 04 Jan 2026 07:18 PM (IST)
Updated Date: Sun, 04 Jan 2026 07:20 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਗੁਰਦੁਆਰਾ ਨਾਨਕ ਨਗਰੀ ਮਖੂ ਰੋਡ ਜ਼ੀਰਾ ਵੱਲੋਂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ। ਇਸ ਮੌਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰੈੱਸ ਸਕੱਤਰ ਭਾਈ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ 10 ਦਸੰਬਰ ਨੂੰ ਗੁਰਦੁਆਰਾ ਨਾਨਕ ਨਗਰੀ ਤੋਂ ਅਰੰਭ ਹੋਈਆਂ ਸਨ, ਜੋ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਖ-ਵੱਖ ਸ਼ਰਧਾਲੂਆਂ ਦੇ ਸੱਦੇ ’ਤੇ ਅੰਮ੍ਰਿਤ ਵੇਲੇ ਕੱਢੀਆਂ ਗਈਆਂ। ਸਵੇਰ ਸਮੇਂ ਗੁਰਬਾਣੀ ਕੀਰਤਨ ਦੀ ਮਧੁਰ ਧੁਨ ਨਾਲ ਸਾਰਾ ਮਾਹੌਲ ਗੁਰਮਈ ਹੋ ਜਾਂਦਾ ਸੀ। ਇਨ੍ਹਾਂ ਪ੍ਰਭਾਤ ਫੇਰੀਆਂ ਦੌਰਾਨ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੱਥੇ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਜਗਸੀਰ ਸਿੰਘ ਵੱਲੋਂ ਦਸਮੇਸ਼ ਪਿਤਾ ਦੇ ਜੀਵਨ ਇਤਿਹਾਸ, ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸੰਗਤਾਂ ਨੂੰ ਇਤਿਹਾਸਕ ਜਾਣਕਾਰੀ ਦੇ ਕੇ ਗੁਰਸਿੱਖੀ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ,ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਸਮੇਤ ਸਮੂਹ ਸੇਵਾਦਾਰਾਂ ਦੀ ਨਿਸ਼ਕਾਮ ਸੇਵਾ ਸੰਗਤਾਂ ਵੱਲੋਂ ਸਰਾਹੀ ਗਈ।