ਕੌਂਸਲਰ ਨੇ ਲੋਕਾਂ ਨੂੰ ਲੋਹੜੀ ਦੀ ਦਿੱਤੀ ਵਧਾਈ
ਪੂਜਾ ਲੂਥਰਾ ਸਚਦੇਵਾ ਨੇ ਲੋਹੜੀ ਦੇ ਤਿਓਹਾਰ ਮੌਕੇ ਹਲਕੇ ਦੇ ਵੱਖ-ਵੱਖ ਵਾਰਡ 'ਚ ਪਹੁੰਚ ਲੋਕਾਂ ਨੂੰ ਵਧਾਈ ਦਿੱਤੀ
Publish Date: Wed, 14 Jan 2026 06:57 PM (IST)
Updated Date: Wed, 14 Jan 2026 07:00 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਲੋਹੜੀ ਦੇ ਪਵਿੱਤਰ ਤਿਉਹਾਰ ਦੇ ਸ਼ੁੱਭ ਮੌਕੇ ’ਤੇ ਫਾਜ਼ਿਲਕਾ ਹਲਕੇ ਦੇ ਵੱਖ-ਵੱਖ ਵਾਰਡ ਅੰਦਰ ਟੀਮ ਪੂਜਾ ਲੂਥਰਾ ਸਚਦੇਵਾ ਨੇ ਲੋਕਾਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਹਲਕੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਪੂਜਾ ਲੂਥਰਾ ਸਚਦੇਵਾ ਨੇ ਆਪਣੀ ਟੀਮ ਦੇ ਨਾਲ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ, ਲੋਕਾਂ ਨੂੰ ਖੁਸ਼ੀਆਂ ਭਰੇ ਤਿਉਹਾਰ ਦੀ ਕਾਮਨਾ ਕੀਤੀ ਅਤੇ ਸਾਰਿਆਂ ਦੀ ਭਲਾਈ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਲੋਕਾਂ ਨੇ ਟੀਮ ਪੂਜਾ ਲੂਥਰਾ ਸਚਦੇਵਾ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਰ ਜਗ੍ਹਾ ਪਿਆਰ ਅਤੇ ਸਤਿਕਾਰ ਮਿਲਿਆ। ਇਸ ਮੌਕੇ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਲੋਹੜੀ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਸਗੋਂ ਪੰਜਾਬੀ ਸੱਭਿਆਚਾਰ, ਆਪਸੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਲੋਹੜੀ ਇਕੱਠੇ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਉਹਾਰ ਹੈ, ਜੋ ਸਾਨੂੰ ਇੱਕ-ਦੂਜੇ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਉਹ ਫਾਜ਼ਿਲਕਾ ਹਲਕੇ ਦੇ ਲੋਕਾਂ ਤੋਂ ਮਿਲੇ ਅਥਾਹ ਪਿਆਰ ਅਤੇ ਸਮਰਥਨ ਨੂੰ ਕਦੇ ਨਹੀਂ ਭੁੱਲੇਗੀ। ਪੂਜਾ ਲੂਥਰਾ ਸਚਦੇਵਾ ਨੇ ਧੀਆਂ ਅਤੇ ਪੁੱਤਰਾਂ ਵਿਚਕਾਰ ਭੇਦਭਾਵ ਨੂੰ ਖਤਮ ਕਰਨ ’ਤੇ ਵਿਸ਼ੇਸ਼ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਤੋਂ ਘੱਟ ਨਹੀਂ ਹਨ। ਲੋਹੜੀ ਵਰਗੇ ਤਿਉਹਾਰ ਸਿਰਫ਼ ਪੁੱਤਰਾਂ ਲਈ ਹੀ ਨਹੀਂ ਮਨਾਏ ਜਾਣੇ ਚਾਹੀਦੇ, ਸਗੋਂ ਧੀਆਂ ਦੇ ਜਨਮ ਅਤੇ ਸਫਲਤਾ ਨੂੰ ਵੀ ਬਰਾਬਰ ਉਤਸ਼ਾਹ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀਮ ਪੂਜਾ ਲੂਥਰਾ ਸਚਦੇਵਾ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦੀ ਹੈ ਅਤੇ ਫਾਜ਼ਿਲਕਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ, ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਲੋਕਾਂ ਨੇ ਇਹ ਵੀ ਭਰੋਸਾ ਪ੍ਰਗਟ ਕੀਤਾ ਕਿ ਉਹ ਹਮੇਸ਼ਾ ਟੀਮ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਪੂਜਾ ਲੂਥਰਾ ਸਚਦੇਵਾ ਨੇ ਪ੍ਰਾਰਥਨਾ ਕੀਤੀ ਕਿ ਲੋਹੜੀ ਦਾ ਤਿਉਹਾਰ ਹਲਕੇ ਦੇ ਹਰ ਘਰ ਵਿੱਚ ਖੁਸ਼ੀ, ਸ਼ਾਂਤੀ ਅਤੇ ਸਿਹਤ ਲਿਆਵੇ ਅਤੇ ਪੂਰਾ ਪੰਜਾਬ ਏਕਤਾ ਅਤੇ ਭਾਈਚਾਰੇ ਨਾਲ ਅੱਗੇ ਵਧੇ।