ਨਾ ਪੈਸਾ... ਨਾ ਕੀਮਤੀ ਸਾਮਾਨ, ਚੋਰਾਂ ਨੂੰ ਭਾਅ ਗਈ ਚਾਕਲੇਟ; ਫ਼ਾਜ਼ਿਲਕਾ 'ਚ ਦੁਕਾਨ ਦਾ ਤਾਲਾ ਤੋੜ ਕੇ ਫਰਿੱਜ ਕਰ ਦਿੱਤਾ ਖਾਲੀ
ਘਟਨਾ ਦਾ ਖੁਲਾਸਾ ਐਤਵਾਰ ਸਵੇਰੇ ਉਦੋਂ ਹੋਇਆ ਜਦੋਂ ਦੁਕਾਨਦਾਰ ਸਾਹਿਲ ਬਜਾਜ ਆਪਣੀ ਦੁਕਾਨ ਖੋਲ੍ਹਣ ਪਹੁੰਚੇ। ਉਨ੍ਹਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਅੰਦਰ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚੋਰ ਸਿੱਧੇ ਫਰਿੱਜ ਤੱਕ ਪਹੁੰਚੇ ਅਤੇ ਉਸ ਵਿੱਚ ਰੱਖੀਆਂ ਮਹਿੰਗੀਆਂ ਚਾਕਲੇਟਾਂ ਲੈ ਕੇ ਫ਼ਰਾਰ ਹੋ ਗਏ। ਦੁਕਾਨਦਾਰ ਅਨੁਸਾਰ ਫਰਿੱਜ ਪੂਰੀ ਤਰ੍ਹਾਂ ਖਾਲੀ ਪਿਆ ਸੀ ਅਤੇ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।
Publish Date: Sun, 10 May 2026 04:28 PM (IST)
Updated Date: Sun, 10 May 2026 04:32 PM (IST)
ਰਮਨ ਕੁਮਾਰ, ਪੰਜਾਬੀ ਜਾਗਰਣ ਫਾਜ਼ਿਲਕਾ : ਬੀਤੀ ਰਾਤ ਸ਼ਹਿਰ ਦੇ ਮਲੋਟ ਚੌਕ ਵਿਖੇ ਚੋਰਾਂ ਨੇ ਇੱਕ ਫਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 20 ਹਜ਼ਾਰ ਰੁਪਏ ਦੀਆਂ ਚਾਕਲੇਟਾਂ ਚੋਰੀ ਕਰ ਲਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਸਦਰ ਪੁਲਿਸ ਥਾਣਾ ਘਟਨਾ ਸਥਾਨ ਤੋਂ ਸਿਰਫ਼ 50 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਦੁਕਾਨ ਮਾਲਕ ਸਾਹਿਲ ਬਜਾਜ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਕਰੀਬ 11.30 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਐਤਵਾਰ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਮਿਲੇ। ਅੰਦਰ ਜਾ ਕੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰਾਂ ਨੇ ਫਰਿੱਜ ਵਿੱਚ ਪਈਆਂ ਚਾਕਲੇਟਾਂ ‘ਤੇ ਹੱਥ ਸਾਫ਼ ਕੀਤਾ ਹੈ। ਉਸਦੇ ਅਨੁਸਾਰ ਫਰਿੱਜ ਪੂਰੀ ਤਰ੍ਹਾਂ ਖਾਲੀ ਸੀ ਅਤੇ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨਦਾਰ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਉਠਾਏ ਹਨ। ਉਸਦਾ ਦੋਸ਼ ਹੈ ਕਿ ਇਲਾਕੇ ਵਿੱਚ ਤਾਇਨਾਤ ਚੌਕੀਦਾਰ ਨੇੜੇ ਹੀ ਡਿਊਟੀ ‘ਤੇ ਸੀ। ਉਸਦੇ ਮੁਤਾਬਕ ਰਾਤ ਸਮੇਂ ਦੋ ਨੌਜਵਾਨ ਚੌਕੀਦਾਰ ਕੋਲ ਆਏ ਅਤੇ ਉਸਨੂੰ ਸ਼ਰਾਬ ਪਿਲਾਈ, ਜਿਸ ਕਾਰਨ ਉਹ ਡੂੰਘੀ ਨੀਂਦ ਵਿੱਚ ਸੌਂ ਗਿਆ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨਦਾਰ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।
ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਨ ਅਤੇ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਸਥਾਨਕ ਵਪਾਰੀਆਂ ਨੇ ਬਾਜ਼ਾਰ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਵਧਾਉਣ ਅਤੇ ਰਾਤ ਦੇ ਸਮੇਂ ਗਸ਼ਤ ਤੇਜ਼ ਕਰਨ ਦੀ ਮੰਗ ਉਠਾਈ ਹੈ।