ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੀਆਂ ਸਾਰੀਆਂ ਟੀਮਾਂ ਸ਼ਨੀਚਰਵਾਰ ਤੋਂ ਹੀ ਦਿਨ ਭਰ ਰਾਤ ਲਗਾਤਰ ਪੂਰੀ ਸਰਗਰਮੀ ਨਾਲ ਕਾਤਲਾਂ ਦੀ ਭਾਲ ਵਿਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਕਤਲ ਦੀ ਇਸ ਵਾਰਦਾਤ ਤੋਂ ਪਰਦਾ ਚੁੱਕਿਆ ਜਾਵੇਗਾ।

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ : ਬੀਤੇ ਸ਼ਨੀਚਰਵਾਰ ਨੂੰ ਸਥਾਨਕ ਮੋਚੀ ਬਜ਼ਾਰ ਦੇ ਕੋਲ ਗੋਲੀ ਮਾਰ ਕੇ ਕਤਲ ਕਰ ਦਿੱਤੇ ਗਏ ਆਰਐੱਸਐੱਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੇ ਕਾਤਲਾਂ ਦੀ ਭਾਲ ਵਿਚ ਪੁਲਿਸ ਪੂਰੀ ਤਰ੍ਹਾਂ ਪੱਬਾਂ ਭਾਰ ਹੋ ਰਹੀ ਹੈ। ਮਾਮਲਾ ਕੌਮੀ ਪੱਧਰ ’ਤੇ ਸੁਰਖੀਆਂ ’ਚ ਆਉਂਦਿਆਂ ਹੀ ਜਿਥੇ ਪੰਜਾਬ ਨਾਲ ਸਬੰਧਤ ਭਾਜਪਾ ਦੇ ਕੌਮੀ ਆਗੂਆਂ ਤੋਂ ਇਲਾਵਾ ਪੰਜਾਬ ਦੀਆਂ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਉਥੇ ਮਾਮਲੇ ਦੀ ਨਜਾਕਤ ਸਮਝਦਿਆਂ ਪੰਜਾਬ ਦੇ ਡੀਜੀਪੀ ਵੀ ਇਸ ਵਿਚ ਨਿੱਜੀ ਦਿਲਚਸਪੀ ਲੈ ਰਹੇ ਹਨ। ਪੁਲਿਸ ਸੂਤਰਾਂ ਮੁਤਾਬਿਕ ਡੀਜੀਪੀ ਪੰਜਾਬ ਦਿਨ ਵਿਚ ਕਈ ਵਾਰ ਜ਼ਿਲ੍ਹਾ ਪੁਲਿਸ ਮੁਖੀ ਫੋਨ ਕਰਕੇ ਰਿਪੋਰਟ ਲੈ ਰਹੇ ਹਨ।
ਉਧਰ ਸ਼ਨੀਚਰਵਾਰ ਸ਼ਾਮ ਤੋਂ ਹੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮੁਤਾਬਿਕ ਪੁਲਿਸ ਨੇ 9 ਟੀਮਾਂ ਬਣਾ ਕੇ ਤਕਨੀਕੀ ਵਸੀਲਿਆਂ ਤੋਂ ਇਲਾਵਾ ਖ਼ਬਰੀ ਨੈਟਵਰਕ ਜਰੀਏ ਨਾ ਸਿਰਫ ਸ਼ੂਟਰਾਂ ਦੀ ਭਾਲ ਕੀਤੀ ਜਾ ਰਹੀ ਹੈ, ਸਗੋਂ ਮਾਮਲੇ ਦੇ ਸਾਜ਼ਿਸ਼ਕਰਤਾ ਦੀ ਵੀ ਖੋਜ ਕੀਤੀ ਜਾ ਰਹੀ ਹੈ।
ਉਧਰ ਪੁਲਿਸ ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਸੀਸੀਟੀਵੀ ਫੂਟੇਜ਼ ਜਰੀਏ ਸ਼ੂਟਰਾਂ ਦੀ ਪੈੜ ਨੱਪ ਲਈ ਗਈ ਹੈ। ਪੁਲਿਸ ਕਾਤਲਾਂ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ। ਦੂਜੇ ਪਾਸੇ ਖੂਫੀਆ ਅਜੈਂਸੀਆਂ ਨਾਲ ਸਬੰਧਤ ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਕੁੱਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੀਆਂ ਸਾਰੀਆਂ ਟੀਮਾਂ ਸ਼ਨੀਚਰਵਾਰ ਤੋਂ ਹੀ ਦਿਨ ਭਰ ਰਾਤ ਲਗਾਤਰ ਪੂਰੀ ਸਰਗਰਮੀ ਨਾਲ ਕਾਤਲਾਂ ਦੀ ਭਾਲ ਵਿਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਕਤਲ ਦੀ ਇਸ ਵਾਰਦਾਤ ਤੋਂ ਪਰਦਾ ਚੁੱਕਿਆ ਜਾਵੇਗਾ।
ਦੋਸ਼ੀਆਂ ਨੂੰ ਸ਼ੂਟ ਕਰਨ ਦੀ ਉਠ ਰਹੀ ਹੈ ਮੰਗ
ਐਤਵਾਰ ਦੇਰ ਸ਼ਾਮ ਨਵੀਨ ਅਰੋੜਾ ਦਾ ਸਸਕਾਰ ਕਰ ਦਿੱਤਾ ਗਿਆ ਸੀ। ਸਸਕਾਰ ਮੌਕੇ ਹੋਏ ਗਮਗੀਨ ਮਾਹੌਲ ਵਿਚ ਲੋਕ ਮੰਗ ਕਰ ਰਹੇ ਸਨ ਕਿ ਨਸ਼ਾ , ਹਥਿਆਰਾਂ ਅਤੇ ਹੋਰ ਵਾਰਦਾਤਾਂ ਦੇ ਬਾਵਜੂਦ ਦੋਸ਼ੀਆਂ ਨੂੰ ਜ਼ਮਾਨਤਾਂ ਦੇ ਦਿੱਤੀਆਂ ਜਾਂਦੀਆਂ ਹਨ,ਅਜਿਹੇ ਵਿਚ ਉਨ੍ਹਾਂ ਦੇ ਹੌਂਸਲੇ ਹੋਰ ਵਧ ਜਾਂਦੇ ਹਨ। ਲੋਕਾਂ ਮੰਗ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਮੌਕੇ ’ਤੇ ਹੀ ਗੋਲੀ ਮਾਰ ਕੇ ਮੁਕਾ ਦੇਣਾ ਚਾਹੀਦਾ ਹੈ।
ਪੰਜਾਬ ’ਚ ਜੰਗਲਰਾਜ , ਗੈਂਗਸਟਰ ਚਲਾ ਰਹੇ ਹਨ ਪੰਜਾਬ ; ਅਸ਼ਵਨੀ ਸ਼ਰਮਾ
ਸੋਮਵਾਰ ਦੇਰ ਸ਼ਾਮ ਨਵੀਨ ਅਰੋੜਾ ਦੀ ਮੌਤ ’ਤੇ ਦੁੱਖ ਸਾਂਝਾ ਕਰਨ ਬਲਦੇਵ ਅਰੋੜਾ ਦੇ ਘਰ ਪਹੁੰਚੇ ਪੰਜਾਬ ਭਾਜਪਾ ਦੇ ਕਾਰਜਕਾਰਨੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਪੰਜਾਬ ਅੰਦਰ ਜੰਗਲ ਰਾਜ ਹੈ। ਇੰਝ ਲੱਗਦਾ ਹੈ ਪੰਜਾਬ ਵਿਚ ਗੈਂਗਸਟਰ ਅਤੇ ਗੁੰਡੇ ਸਰਕਾਰ ਚਲਾ ਰਹੇ ਹਨ। ਉਨ੍ਹਾਂ ਆਖਿਆ ਕਿ ਜਾਂ ਤਾਂ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਫਿਰ ਇੰਨ੍ਹਾਂ ਨੂੰ ਸਰਕਾਰ ਚਲਾਉਣੀ ਹੀ ਨਹੀਂ ਆਉਂਦੀ । ਅਸ਼ਵਨੀ ਸ਼ਰਮਾ ਨੇ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਲੋਕਾਂ ਦੇ ਇਕਲੌਤੇ ਪੁੱਤਰ ਮਾਰੇ ਜਾ ਰਹੇ ਹਨ,ਪਰ ਸਰਕਾਰ ਦੇ ਕੰਨ ’ਤੇ ਜੂੰ ਵੀ ਨਹੀਂ ਸਰਕ ਰਹੀ।