Naveen Arora Murder Case : ਸ਼ੂਟਰਾਂ ਨੂੰ ਪਨਾਹ ਦੇਣ ਅਤੇ ਭਜਾਉਣ ਦੇ ਦੋਸ਼ਾਂ 'ਚ ਲੁਧਿਆਣਾ ਦੀ ਭਾਵਨਾ ਗ੍ਰਿਫਤਾਰ
ਵਾਰਦਾਤ ਵਿਚ ਸ਼ਾਮਲ ਇੱਕ ਮੁਲਜ਼ਮ ਨੂੰ ਆਪਣੇ ਘਰ ਵਿੱਚ ਪਨਾਹ ਦੇਣ ਵਾਲੀ ਲੁਧਿਆਣਾ ਵਾਸੀ ਭਾਵਨਾ ਨਾਮ ਦੀ ਲੜਕੀ ਦੇ ਖਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Sat, 22 Nov 2025 07:12 PM (IST)
Updated Date: Sat, 22 Nov 2025 07:58 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਬੀਤੀ 15 ਨਵੰਬਰ ਨੂੰ ਫ਼ਿਰੋਜ਼ਪੁਰ ਵਿਖੇ ਗੋਲ਼ੀਆਂ ਮਾਰ ਕੇ ਮਾਰ ਦਿੱਤੇ ਗਏ ਨਵੀਨ ਅਰੋੜਾ ਹੱਤਿਆਕਾਂਡ ’ਚ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਭਾਵੇਂ ਪੁਲਿਸ ਨੇ ਹੱਤਿਆਕਾਂਡ ਦੀ ਯੋਜਨਾਬੰਦੀ ਕਰਨ ਵਾਲੇ ਜਤਿਨ ਕਾਲੀ, ਕਨਵ ਅਤੇ ਹਰਸ਼ ਨੂੰ ਪਹਿਲੋਂ ਹੀ ਗ੍ਰਿਫਤਾਰ ਕਰ ਲਿਆ ਸੀ,ਪਰ ਮਾਮਲੇ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਫਿਰੋਜ਼ਪੁਰ ਪੁਲਿਸ ਦੀ ਪੈੜ ਹੁਣ ਲੁਧਿਆਣਾ ਦੀ ਭਾਵਨਾ ਨਾਮ ਦੀ ਇਕ ਔਰਤ ਤੱਕ ਜਾ ਪਹੁੰਚੀ ਹੈ। ਮਾਮਲੇ ਵਿਚ ਪੂਰੀ ਸੰਜੀਦਗੀ ਨਾਲ ਜਾਂਚ ਕਰ ਰਹੀ ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਗੋਲ਼ੀਆਂ ਚਲਾਉਣ ਵਾਲਾ ਕੋਈ ਨਛੱਤਰ ਨਾਂਅ ਦਾ ਵਿਅਕਤੀ ਸੀ ਅਤੇ ਉਹ ਵਾਰਦਾਤ ਮਗਰੋਂ ਭਾਵਨਾ ਕੋਲ ਵੀ ਰੁਕਿਆ ਸੀ।
ਵਾਰਦਾਤ ਵਿਚ ਸ਼ਾਮਲ ਇੱਕ ਮੁਲਜ਼ਮ ਨੂੰ ਆਪਣੇ ਘਰ ਵਿੱਚ ਪਨਾਹ ਦੇਣ ਵਾਲੀ ਲੁਧਿਆਣਾ ਵਾਸੀ ਭਾਵਨਾ ਨਾਮ ਦੀ ਲੜਕੀ ਦੇ ਖਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ 15 ਨਵੰਬਰ ਨੂੰ ਫ਼ਿਰੋਜ਼ਪੁਰ ਵਿਚ ਨਵੀਨ ਅਰੋੜਾ ਦੀ ਕੁਝ ਲੋਕਾਂ ਨੇ ਹੱਤਿਆ ਕੀਤੀ ਸੀ, ਜਿਸ ਦੇ ਸਬੰਧ ਵਿੱਚ ਪੁਲਿਸ ਜਾਂਚ ਦੌਰਾਨ ਦੋਸ਼ੀ ਕਨਵ, ਹਰਸ਼ ਅਤੇ ਯੋਜਨਾ ਬਨਾਉਣ ਵਾਲੇ ਜਤਿਨ ਕਾਲੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਇੰਸਪੈਕਟਰ ਜਤਿੰਦਰ ਸਿੰਘ ਨੂੰ ਬੀਤੇ ਦਿਨ ਗਸ਼ਤ ਅਤੇ ਚੈਕਿੰਗ ਦੌਰਾਨ ਸੂਚਨਾ ਮਿਲੀ ਸੀ ਕਿ ਘਟਨਾ ਵਿੱਚ ਸ਼ਾਮਲ ਨਛੱਤਰ ਸਿੰਘ ਪੁੱਤਰ ਇੰਦਰਾਜ ਵਾਸੀ ਜਲੰਧਰ ਨਵੀਨ ਦਾ ਕਤਲ ਕਰਕੇ ਇੱਥੋਂ ਫ਼ਰਾਰ ਹੋ ਗਿਆ ਸੀ ਅਤੇ ਉਸ ਨੂੰ ਫੜੇ ਜਾਣ ਤੋਂ ਬਚਾਉਣ ਲਈ ਭਾਵਨਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਟਿੱਬਾ ਰੋਡ ਲੁਧਿਆਣਾ ਨੇ ਪਨਾਹ ਦਿੱਤੀ ਸੀ, ਪਰ ਹੁਣ ਉਹ ਉੱਥੋਂ ਵੀ ਫ਼ਰਾਰ ਹੋ ਗਿਆ ਹੈ।