ਸੀਸੀਯੂ ਹਸਪਤਾਲ ਦਾ ਵਿਧਾਇਕ ਸਵਨਾ ਨੇ ਲਿਆ ਜਾਇਜ਼ਾ
ਸੀ.ਸੀ.ਯੂ. ਹਸਪਤਾਲ ਦਾ ਵਿਧਾਇਕ ਸਵਨਾ ਨੇ ਲਿਆ ਜਾਇਜ਼ਾ
Publish Date: Sat, 17 Jan 2026 03:59 PM (IST)
Updated Date: Sat, 17 Jan 2026 04:03 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਦੀ ਲੜੀ ਤਹਿਤ ਫਾਜ਼ਿਲਕਾ ਵਿਖੇ 23 ਕਰੋੜ ਦੀ ਲਾਗਤ ਨਾਲ 50 ਬੈਡ ਦਾ ਕ੍ਰਿਟੀਕਲ ਕੇਅਰ ਯੂਨਿਟ ਤਿਆਰ ਹੋ ਰਿਹਾ ਹੈ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸੀਸੀਯੂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਅਰ ਯੁਨਿਟ ਜਲਦ ਹੀ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਵਿਧਾਇਕ ਸਵਨਾ ਨੇ ਕਿਹਾ ਕਿ ਫਾਜ਼ਿਲਕਾ ਦੇ ਲੋਕਾਂ ਨੂੰ ਇਸ ਯੂਨਿਟ ਦੀ ਪ੍ਰਾਪਤੀ ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਦੂਰ-ਦਰਾਡੇ ਸ਼ਹਿਰਾਂ ਵਿਚ ਨਹੀਂ ਜਾਣਾ ਪਵੇਗਾ। ਇਸ ਨਾਲ ਜਿਥੇ ਉਨ੍ਹਾਂ ਨੂੰ ਆਪਣੇ ਨੇੜੇ ਹੀ ਇਲਾਜ ਦੀ ਸੁਵਿਧਾ ਪ੍ਰਾਪਤ ਹੋਵੇਗੀ ਉਥੇ ਆਉਣ-ਜਾਣ ਦੀ ਖਜਲ-ਖੁਆਰੀ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਸਿਹਤ ਪੱਖੋਂ ਸੁਵਿਧਾਵਾਂ ਬਿਨਾਂ ਕਿਸੇ ਖੱਜਲ ਖੁਆਰੀ ਦੇ ਮੁਹੱਈਆ ਕਰਵਾਉਣ ਲਈ ਵਚਨਬਧ ਹੈ। ਵਿਧਾਇਕ ਸਵਨਾ ਨੇ ਦੱਸਿਆ ਕਿ ਕ੍ਰਿਟੀਕਲ ਕੇਅਰ ਯੁਨਿਟ ਦੀ ਇਮਾਰਤ ਦਾ ਨਿਰਮਾਣ 16 ਕਰੋੜ 50 ਲੱਖ ਰੁਪਏ ਨਾਲ ਕੀਤਾ ਜਾਵੇਗਾ ਜਦਕਿ ਇਸ ਵਿੱਚ 7 ਕਰੋੜ 12 ਲੱਖ ਰੁਪਏ ਨਾਲ ਹੋਰ ਡਾਕਟਰੀ ਸਮਾਨ ਆਵੇਗਾ। ਇਹ ਕ੍ਰਿਟੀਕਲ ਕੇਅਰ ਯੁਨਿਟ 50 ਬੈਡ ਦੀ ਸਮਰੱਥਾ ਵਾਲਾ ਹੋਵੇਗਾ। ਉਨ੍ਹਾਂ ਇਸ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਸ ਇਲਾਕੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ ਜਿਸ ਨੂੰ ਪੰਜਾਬ ਸਰਕਾਰ ਜਲਦ ਪੂਰਾ ਕਰਨ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਇਸ ਤੋਂ ਪਹਿਲਾਂ ਜਿਲੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਸਨ ਜਿਨਾਂ ਦਾ ਵੀ ਬਹੁਤ ਸਾਰਥਕ ਨਤੀਜੇ ਨਿਕਲੇ ਹਨ ਅਤੇ ਹਜਾਰਾਂ ਲੋਕ ਇੰਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਇਲਾਜ ਕਰਵਾ ਚੁੱਕੇ ਹਨ।ਇਸ ਮੋਕੇ ਐਸ ਐਮ ਓ ਡਾ.ਐਰਿਕ ਅਤੇ ਹੋਰ ਸਿਹਤ ਸਟਾਫ ਮੌਜੂਦ ਸੀ।