ਆਰਸੀਬੀ ਦੀ ਆਈਪੀਐਲ 2025 ਦੀ ਜਿੱਤ ’ਚ ਅਜਿਹਾ ਹੀ ਇਕ ਨਾਂ ਉਭਰ ਕੇ ਸਾਹਮਣੇ ਆਇਆ ਹੈ, ਫਿਰੋਜ਼ਪੁਰ ਦੇ ਜੰਮਪਲ ਤੇ ਮਲੋਟ ਨਿਵਾਸੀ, ਸੇਵਾਮੁਕਤ ਫੌਜੀ ਮੇਜਰ ਸ਼ਮਿੰਦਰ ਸਿੰਘ ਸਿੱਧੂ, ਜੋ ਟੀਮ ਦੇ ਆਪਰੇਸ਼ਨਲ ਮੈਨੇਜਰ ਹਨ। 3 ਮਈ ਨੂੰ ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਆਈਪੀਐੱਲ ਇਤਿਹਾਸ ’ਚ ਆਪਣਾ ਪਹਿਲਾ ਖਿਤਾਬ ਜਿੱਤਿਆ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਕਿਸੇ ਵੀ ਵੱਡੀ ਟੀਮ ਦੀ ਜਿੱਤ ਸਿਰਫ਼ ਮੈਦਾਨ ’ਚ ਦੌੜ ਰਹੇ ਖਿਡਾਰੀਆਂ ਦੀ ਮਿਹਨਤ ਨਹੀਂ ਹੁੰਦੀ, ਉਸ ਦੇ ਪਿੱਛੇ ਇਕ ਸਾਂਝੀ ਕੋਸ਼ਿਸ਼ ਹੁੰਦੀ ਹੈ। ਕੋਚਿੰਗ ਸਟਾਫ, ਪ੍ਰਬੰਧਕ ਟੀਮ ਤੇ ਉਹ ਨਾਇਕ ਜੋ ਸਿੱਧੇ ਤੌਰ ’ਤੇ ਕਦੇ ਕੈਮਰੇ ਸਾਹਮਣੇ ਨਹੀਂ ਆਉਂਦੇ। ਆਰਸੀਬੀ ਦੀ ਆਈਪੀਐਲ 2025 ਦੀ ਜਿੱਤ ’ਚ ਅਜਿਹਾ ਹੀ ਇਕ ਨਾਂ ਉਭਰ ਕੇ ਸਾਹਮਣੇ ਆਇਆ ਹੈ, ਫਿਰੋਜ਼ਪੁਰ ਦੇ ਜੰਮਪਲ ਤੇ ਮਲੋਟ ਨਿਵਾਸੀ, ਸੇਵਾਮੁਕਤ ਫੌਜੀ ਮੇਜਰ ਸ਼ਮਿੰਦਰ ਸਿੰਘ ਸਿੱਧੂ, ਜੋ ਟੀਮ ਦੇ ਆਪਰੇਸ਼ਨਲ ਮੈਨੇਜਰ ਹਨ। 3 ਮਈ ਨੂੰ ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਆਈਪੀਐੱਲ ਇਤਿਹਾਸ ’ਚ ਆਪਣਾ ਪਹਿਲਾ ਖਿਤਾਬ ਜਿੱਤਿਆ। ਭਾਵੇਂ ਇਸ ਜਿੱਤ ਦਾ ਸਿਹਰਾ ਵਿਰਾਟ ਕੋਹਲੀ ਤੇ ਹੋਰ ਸਿਤਾਰਿਆਂ ਸਿਰ ਬੰਨਿਆਂ ਜਾ ਰਿਹਾ ਹੈ ਪਰ ਟੀਮ ਦੀ ਪਿੱਠ ’ਤੇ ਨਜ਼ਰ ਮਾਰੀਏ ਤਾਂ ਹਰ ਫਰੰਟ ’ਤੇ ਚੁਸਤ ਤੇ ਸੰਘਰਸ਼ਸ਼ੀਲ ਆਪਰੇਸ਼ਨਲ ਮੈਨੇਜਰ ਮੇਜਰ ਸਿੱਧੂ ਦੀ ਭੂਮਿਕਾ ਵੀ ਉਨੀ ਹੀ ਅਹਿਮ ਰਹੀ ਹੈ।
ਮੌਜੂਦਾ ਸਮੇਂ ’ਚ ਉਹ ਆਈਪੀਐੱਲ ਟੀਮ ਰਾਇਲ ਚੈਲੈਂਜਰਜ਼ ਬੈਂਗਲੁਰੂ ਨਾਲ ਆਪਰੇਸ਼ਨਲ ਮੈਨੇਜਰ ਵਜੋਂ ਜੁੜੇ ਹੋਏ ਹਨ। ਸੂਤਰਾਂ ਅਨੁਸਾਰ, ਵਿਰਾਟ ਕੋਹਲੀ ਸਣੇ ਟੀਮ ਦੇ ਕਈ ਸਿਤਾਰੇ ਉਨ੍ਹਾਂ ’ਤੇ ਪੂਰਾ ਭਰੋਸਾ ਕਰਦੇ ਹਨ। ਟੀਮ ਸੰਬੰਧੀ ਕਿਸੇ ਵੀ ਅਹਿਮ ਫੈਸਲੇ ’ਚ ਉਨ੍ਹਾਂ ਦੀ ਸਲਾਹ ਲੈਣਾ ਆਮ ਗੱਲ ਹੈ। ਉਹ ਟੀਮ ਦੀ ਰੋਜ਼ਾਨਾਂ ਲਾਜਿਸਟਿਕਸ, ਪ੍ਰਸਿੱਧ ਖਿਡਾਰੀਆਂ ਦੀਆਂ ਜ਼ਰੂਰਤਾਂ, ਟ੍ਰੈਵਲ, ਰਿਹਾਇਸ਼ ਤੇ ਮਨੋਵਿਗਿਆਨਕ ਤੰਦਰੁਸਤੀ ਵਰਗੇ ਅਨੇਕ ਪੱਖਾਂ ਦੀ ਦੇਖਭਾਲ ਕਰਦੇ ਹਨ। ਉਨ੍ਹਾਂ ਦੇ ਸੁਚੱਜੇ ਇੰਤਜ਼ਾਮਾਂ ਕਰਕੇ ਟੀਮ ਦਾ ਮਾਹੌਲ ਹਮੇਸ਼ਾ ਚੁਸਤ, ਲੀਨ ਤੇ ਅਨਕਲਟਰਡ ਬਣਿਆ ਰਹਿੰਦਾ ਹੈ।
ਫੌਜ ਤੋਂ ਫੁੱਟਬਾਲ, ਫਿਰ ਆਈਪੀਐੱਲ ਤੱਕ
ਮੇਜਰ ਸਿੱਧੂ ਦਾ ਜਨਮ ਫਿਰੋਜ਼ਪੁਰ ਦੇ ਇਤਿਹਾਸਕ ਪਿੰਡ ਫਿਰੋਜ਼ਸ਼ਾਹ ਵਿਖੇ ਹੋਇਆ, ਜਿੱਥੇ ਸਿੱਖ ਇਤਿਹਾਸ ਦੀਆਂ ਕਈ ਮਹੱਤਵਪੂਰਨ ਲੜਾਈਆਂ ਲੜੀਆਂ ਗਈਆਂ। ਬਾਅਦ ’ਚ ਪਰਿਵਾਰ ਮਲੋਟ (ਜਿਲ੍ਹਾ ਮੁਕਤਸਰ ਸਾਹਿਬ) ਚਲਾ ਗਿਆ। ਉੱਥੇ ਪੜ੍ਹਾਈ ਪੂਰੀ ਕਰਕੇ ਉਨ੍ਹਾਂ ਨੇ ਸ਼ਾਰਟ ਸਰਵਿਸ ਕਮਿਸ਼ਨ ਰਾਹੀਂ ਫੌਜ ’ਚ ਸ਼ਾਮਲ ਹੋ ਕੇ ਸੇਵਾ ਨਿਭਾਈ। ਸੇਵਾ ਮੁਕਤੀ ਤੋਂ ਬਾਅਦ, ਉਨ੍ਹਾਂ ਨੇ ਰਿਲਾਇੰਸ ਇੰਡਸਟਰੀਜ਼ ਦੇ ਨਾਲ ਕੁਝ ਸਮਾਂ ਕੰਮ ਕੀਤਾ। ਫਿਰ ਉਹ ਬੀਸੀਸੀਆਈ, ਕਾਮਨਵੈਲਥ ਖੇਡਾਂ, ਫੀਫਾ ਫੁੱਟਬਾਲ ਵਰਲਡ ਕੱਪ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਲਈ ਖੇਡ ਪ੍ਰਬੰਧਨ ਦੇ ਖੇਤਰ ’ਚ ਸੇਵਾਵਾਂ ਨਿਭਾ ਚੁੱਕੇ ਹਨ।
ਸੋਸ਼ਲ ਮੀਡੀਆ ’ਤੇ ਹੋ ਰਹੀ ਸ਼ਲਾਘਾ
ਆਰਸੀਬੀ ਦੀ ਜਿੱਤ ਤੋਂ ਬਾਅਦ ਮੇਜਰ ਸਿੱਧੂ ਦੇ ਨਾਂ ਦੀ ਚਰਚਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਫਿਰੋਜ਼ਪੁਰ ਤੇ ਮਲੋਟ ਦੇ ਲੋਕ ਉਨ੍ਹਾਂ ਦੀ ਉਪਲਬਧੀ ’ਤੇ ਮਾਣ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਪੋਸਟਾਂ ਵਾਇਰਲ ਕਰ ਰਹੇ ਹਨ। ਇਕ ਅਣਪਛਾਤਾ ਨਾਇਕ, ਜਿਸ ਨੇ ਪਰਦੇ ਪਿੱਛੇ ਰਹਿ ਕੇ ਟੀਮ ਨੂੰ ਉੱਚਾਈਆਂ ’ਤੇ ਪਹੁੰਚਾਇਆ। ਮੇਜਰ ਸ਼ਮਿੰਦਰ ਸਿੰਘ ਸਿੱਧੂ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਅਸਲ ਨਾਇਕ ਹਮੇਸ਼ਾ ਮੈਦਾਨ ਵਿਚ ਹੀ ਨਹੀਂ, ਕਈ ਵਾਰੀ ਪਰਦੇ ਪਿੱਛੇ ਵੀ ਮਿਲਦੇ ਹਨ।