ਸਰਹੱਦ 'ਤੇ ਵੱਡੀ ਕਾਰਵਾਈ: ਫਿਰੋਜ਼ਪੁਰ 'ਚ BSF ਤੇ ਪੰਜਾਬ ਪੁਲਿਸ ਨੇ ਡਰੋਨ ਰਾਹੀਂ ਆਈ 13 ਕਿਲੋ ਹੈਰੋਇਨ ਕੀਤੀ ਬਰਾਮਦ
ਜਾਂਚ ਅਧਿਕਾਰੀ ਇੰਸਪੈਕਟਰ ਬਲਰਾਜ ਸਿੰਘ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਅੱਕੂ ਵਾਲਾ ਦੇ ਖੇਤਾਂ ਵਿਚ ਡਰੋਨ ਦੀ ਮੂਵਮੈਂਟ ਦੇਖੀ ਗਈ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ, ਜਿੱਥੇ ਬੀਐੱਸਐੱਫ ਦੀ ਬੀਓਪੀ ਪਛਾੜੀਆਂ ਦੇ ਅਸਿਸਟੈਂਟ ਕਮਾਂਡੈਂਟ ਅਭਿਸ਼ੇਕ ਆਨੰਦ ਆਪਣੀ ਟੀਮ ਸਮੇਤ ਪਹਿਲਾਂ ਹੀ ਤੈਨਾਤ ਸਨ।
Publish Date: Fri, 13 Mar 2026 09:23 AM (IST)
Updated Date: Fri, 13 Mar 2026 09:26 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਹੱਦੀ ਖੇਤਰ ਵਿਚ ਦੇਸ਼ ਵਿਰੋਧੀ ਅਨਸਰਾਂ ਦੀਆਂ ਨਾਪਾਕ ਹਰਕਤਾਂ ਨੂੰ ਨੱਥ ਪਾਉਂਦੇ ਹੋਏ ਥਾਣਾ ਆਰਿਫ਼ ਕੇ ਦੀ ਪੁਲਿਸ ਅਤੇ ਸਰਹੱਦੀ ਸੁਰੱਖਿਆ ਬਲ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪਿੰਡ ਅੱਕੂ ਵਾਲਾ ਦੇ ਇਲਾਕੇ ਵਿਚ ਹੋਈ ਡਰੋਨ ਹਲਚਲ ਤੋਂ ਬਾਅਦ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਜਾਂਚ ਅਧਿਕਾਰੀ ਇੰਸਪੈਕਟਰ ਬਲਰਾਜ ਸਿੰਘ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਅੱਕੂ ਵਾਲਾ ਦੇ ਖੇਤਾਂ ਵਿਚ ਡਰੋਨ ਦੀ ਮੂਵਮੈਂਟ ਦੇਖੀ ਗਈ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ, ਜਿੱਥੇ ਬੀਐੱਸਐੱਫ ਦੀ ਬੀਓਪੀ ਪਛਾੜੀਆਂ ਦੇ ਅਸਿਸਟੈਂਟ ਕਮਾਂਡੈਂਟ ਅਭਿਸ਼ੇਕ ਆਨੰਦ ਆਪਣੀ ਟੀਮ ਸਮੇਤ ਪਹਿਲਾਂ ਹੀ ਤੈਨਾਤ ਸਨ। ਪੁਲਿਸ ਅਤੇ ਬੀਐੱਸਐੱਫ ਦੀਆਂ ਸਾਂਝੀਆਂ ਟੀਮਾਂ ਵੱਲੋਂ ਕਣਕ ਦੇ ਖੇਤਾਂ ਵਿਚ ਬੜੀ ਬਾਰੀਕੀ ਨਾਲ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਖੇਤਾਂ ਵਿੱਚੋਂ ਹੈਰੋਇਨ ਦੇ ਵੱਖ-ਵੱਖ ਪੈਕੇਟ ਬਰਾਮਦ ਹੋਏ। ਜਦੋਂ ਇਨ੍ਹਾਂ ਪੈਕੇਟਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਵਿੱਚੋਂ ਕੁੱਲ 12 ਕਿਲੋ 837 ਗ੍ਰਾਮ ਹੈਰੋਇਨ ਬਰਾਮਦ ਹੋਈ। ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਆਰਿਫ਼ ਕੇ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਕਮਰਸ਼ੀਅਲ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਖੇਪ ਕਿਸ ਵੱਲੋਂ ਮੰਗਵਾਈ ਗਈ ਸੀ ਅਤੇ ਇਸ ਦੇ ਪਿੱਛੇ ਕਿਹੜੇ ਤਸਕਰਾਂ ਦਾ ਹੱਥ ਹੈ।