ਬਾਸਮਤੀ ਚੌਲ ਦੇ 54 ਟੀਈਯੂ ਕੰਟੇਨਰਾਂ ਦੀ ਲੋਡਿੰਗ, ਨਵੇਂ ਟ੍ਰੈਫਿਕ ਦੀ ਸਿਰਜਣਾ
ਬਾਸਮਤੀ ਚਾਵਲ ਦੇ 54 ਟੀਈਯੂ ਕੰਟੇਨਰਾਂ ਦੀ ਲੋਡਿੰਗ, ਨਵੇਂ ਟਰੈਫਿਕ ਦੀ ਸਿਰਜਣਾ
Publish Date: Wed, 31 Dec 2025 05:30 PM (IST)
Updated Date: Wed, 31 Dec 2025 05:32 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀ ਟੀਮ ਵੱਲੋਂ ਵੱਖ-ਵੱਖ ਹਿੱਸੇਦਾਰਾਂ ਨਾਲ ਲਗਾਤਾਰ ਕੀਤੀਆਂ ਗਈਆਂ ਮੀਟਿੰਗਾਂ ਦੇ ਨਤੀਜੇ ਵਜੋਂ ਮੰਡਲ ਨੂੰ ਇਕ ਹੋਰ ਮਹੱਤਵਪੂਰਨ ਉਪਲਬੱਧੀ ਹਾਸਲ ਹੋਈ ਹੈ। ਅੱਜ ਮਿਤੀ 31 ਦਸੰਬਰ 2025 ਨੂੰ ਫਿਲੌਰ ਸਥਿਤ ਕੌਨਕੋਰ ਟਰਮੀਨਲ ਤੋਂ ਕੁੱਲ 54 ਟੀਈਯੂ ਬਾਸਮਤੀ ਚਾਵਲ ਦੇ ਕੰਟੇਨਰਾਂ ਦੀ ਲੋਡਿੰਗ ਕੀਤੀ ਗਈ। ਇਹ ਰੇਕ ਪਹਿਲਾਂ ਤੁਗਲਕਾਬਾਦ ਪਹੁੰਚੇਗਾ, ਜਿੱਥੋਂ ਅੱਗੇ ਇਨ੍ਹਾਂ ਨੂੰ ਨਾਗਲਪੱਲੀ ਹੈਦਰਾਬਾਦ, ਟੋਂਡੀਆਰਪੇਟ ਚੇਨਈ ਅਤੇ ਕੋਲਕਾਤਾ ਭੇਜਿਆ ਜਾਵੇਗਾ। ਇਹ ਉਪਲਬੱਧੀ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਖੇਤਰ ਦੇ ਬਾਸਮਤੀ ਲੋਡਰਾਂ, ਕੌਨਕੋਰ, ਨੀਰਜ ਜੈਨ, ਪੰਕਜ ਜੈਨ ਅਤੇ ਸ਼੍ਰੀਨਿਵਾਸ ਰੋਡਵੇਜ਼ ਨਾਲ ਨਿਰੰਤਰ ਤਾਲਮੇਲ ਰਾਹੀਂ ਸੰਭਵ ਹੋ ਸਕੀ ਹੈ। ਇਸ ਲੋਡਿੰਗ ਨਾਲ ਨਵੇਂ ਟਰੈਫਿਕ ਦੀ ਸਫਲ ਸਿਰਜਣਾ ਹੋਈ ਹੈ, ਜਿਸ ਦੇ ਫਲਸਰੂਪ ਨਾ ਸਿਰਫ ਆਵਾਜਾਈ ਵਿਚ ਵਾਧਾ ਹੋਇਆ ਹੈ ਸਗੋਂ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਇਆ ਹੈ। ਰੇਲਵੇ ਵੱਲੋਂ ਕਿਫਾਇਤੀ ਸਮਾਂ-ਬੱਧ ਅਤੇ ‘ਡੋਰ-ਟੂ-ਡੋਰ’ ਸੇਵਾ ਮੁਹੱਈਆ ਕਰਵਾਉਣ ਕਾਰਨ ਵਪਾਰੀਆਂ ਦਾ ਵਿਸ਼ਵਾਸ ਜਿੱਤਿਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਉਹ ਆਪਣੇ ਮਾਲ ਦੀ ਢੋਆ-ਢੁਆਈ ਲਈ ਸੜਕੀ ਮਾਰਗ ਦੀ ਬਜਾਏ ਰੇਲ ਮਾਰਗ ਵੱਲ ਆਕਰਸ਼ਿਤ ਹੋ ਰਹੇ ਹਨ। ਪਹਿਲਾਂ ਕੌਨਕੋਰ ਵੱਲੋਂ ਸੁਰਾਨੁੱਸੀ ਸਟੇਸ਼ਨ ਤੋਂ ਸਿਰਫ਼ ਐੱਫਸੀਆਈ ਅਨਾਜ ਦੀ ਘਰੇਲੂ ਲੋਡਿੰਗ ਕੀਤੀ ਜਾ ਰਹੀ ਸੀ, ਹੁਣ ਵੱਖ-ਵੱਖ ਵਸਤੂਆਂ ਦੀ ਵੀ ਢੋਆ-ਢੁਆਈ ਕੀਤੀ ਜਾ ਰਹੀ ਹੈ। ਇਸ ਲੋਡਿੰਗ ਨਾਲ ਲੰਬੀ ਦੂਰੀ ਦੇ ਟਰੈਫਿਕ ਦੀ ਵੀ ਸਿਰਜਣਾ ਹੋਈ ਹੈ। ਨੇੜਲੇ ਭਵਿੱਖ ਵਿਚ ਪੂਰਬੀ ਖੇਤਰ ਕੋਲਕਾਤਾ ਸਮੇਤ ਹੋਰਨਾਂ ਖੇਤਰਾਂ ਲਈ ਵੀ ਮੰਗ ਆਉਣ ਦੀ ਸੰਭਾਵਨਾ ਹੈ। ਫਿਰੋਜ਼ਪੁਰ ਮੰਡਲ ਦੇ ਇਨ੍ਹਾਂ ਯਤਨਾਂ ਨਾਲ ਨਾ ਸਿਰਫ਼ ਰੇਲਵੇ ਮਾਲੀਏ ਵਿਚ ਵਾਧਾ ਹੋ ਰਿਹਾ ਹੈ, ਸਗੋਂ ਰੇਲਵੇ ਪ੍ਰਤੀ ਵਪਾਰੀਆਂ ਦਾ ਭਰੋਸਾ ਵੀ ਵੱਧ ਰਿਹਾ ਹੈ।