ਭ੍ਰਿਸ਼ਟ ਪੁਲਸੀਆਂ, ਜਾਅਲੀ ਪੱਤਰਕਾਰਾਂ ਤੇ ਲਾਲਚੀ ਵਪਾਰੀਆਂ ਦੇ ਗਠਜੋੜ ਕਾਰਨ ਜ਼ਿੰਦਗੀਆਂ ਖ਼ਤਰੇ ’ਚ
ਭ੍ਰਿਸ਼ਟ ਪੁਲਸੀਆਂ , ਜਾਅਲੀ ਪੱਤਰਕਾਰਾਂ ਅਤੇ ਲਾਲਚੀ ਵਪਾਰੀਆਂ ਦੇ ਗਠਜੋੜ ਕਾਰਣ ਜਿੰਦਗੀਆਂ ਖਤਰੇ ’ਚ
Publish Date: Wed, 21 Jan 2026 06:27 PM (IST)
Updated Date: Wed, 21 Jan 2026 06:27 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਚਾਈਨਾ ਡੋਰ ਦੇ ਖਿਲਾਫ ਕਾਰਵਾਈ ਕਰਨ ਦੇ ਪੁਲਿਸ ਵੱਲੋਂ ਭਾਵੇਂ ਲੱਖ ਦਾਅਵੇ ਕੀਤੇ ਜਾਂਦੇ ਹੋਣ ਪਰ ਅਸਲ ਹਕੀਕਤ ਇਹ ਹੈ ਕਿ ਹਰ ਨਵੇਂ ਦਿਨ ਇਹ ਖੂਨੀ ਡੋਰ ਪਸ਼ੂ, ਪੰਛੀਆਂ ਅਤੇ ਇਨਸਾਨਾਂ ਦੀ ਜਾਨ ਦਾ ਖੋਅ ਬਣਦੀ ਜਾ ਰਹੀ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਚੀਨੀ ਡੋਰ ਨਾਲ ਫੜੇ ਜਾਣ ਵਾਲੇ ਵਿਅਕਤੀ ਨੂੰ ਪ੍ਰਦੂਸ਼ਣ ਬੋਰਡ ਦੇ ਧਿਆਨ ’ਚ ਲਿਆਉਣ ਦੀ ਬਜਾਏ ਦੋਸ਼ੀ ਨੂੰ ਥਾਣਿੳਂ ਹੀ ਜ਼ਮਾਨਤ ਦਿੱਤੀ ਜਾ ਰਹੀ ਹੈ। ਉਧਰ ਚੀਨੀ ਡੋਰ ਨਾਲ ਜਖ਼ਮੀਂ ਬਾਜ਼ ‘ਸ਼ਾਹੀਨ’ ਦੇ ਦਮ ਤੋੜ ਜਾਣ ਮਗਰੋਂ ਉਸ ਨੂੰ ਬਾਇਜਤ ਦਫਨਾ ਦਿੱਤਾ ਗਿਆ। ਉਸ ਬਾਜ ਦਾ ਇਲਾਜ਼ ਕਰਵਾ ਰਹੇ ਗਰੀਬ ਰੇਹੜਾ ਚਾਲਕ ਦਲੇਰ ਸਿੰਘ ਲੋਟ ਨੇ ਦੱਸਿਆ ਕਿ ਇਕ ਦਿਨ ਗੰਭੀਰ ਜਖ਼ਮੀਂ ਹਾਲਤ ਵਿਚ ਉਸ ਨੂੰ ਸੜਕ ’ਤੇ ਪਿਆ ਇਕ ਪੰਛੀ ਨਜ਼ਰ ਆਇਆ। ਜਦੋਂ ਉਹ ਉਸ ਦੇ ਕੋਲ ਗਿਆ ਤਾਂ ਉਸ ਨੇ ਵੇਖਿਆ ਕਿ ਚੀਨੀ ਡੋਰ ਵਿਚ ਜਕੜਿਆ ਇਕ ਬਾਜ ਬੜੀ ਬੂਰੀ ਤਰਾਂ ਤੜਫ ਰਿਹਾ ਸੀ । ਉਸ ਦਾ ਇਕ ਪਾਸੇ ਦਾ ਖੰਭ ਚੀਨੀ ਡੋਰ ਨਾਲ ਅੱਧਿੳਂ ਜ਼ਿਆਦਾ ਵੱਢਿਆ ਗਿਆ ਸੀ। ਉਸ ਨੇ ਉਸ ਬਾਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਸਬੰਧੀ ਬਕਾਇਦਾ ਡਾਕਟਰ ਤੋਂ ਪੱਟੀ ਕਰਵਾ ਕੇ ਬਾਜ਼ ਨੂੰ ਉਸ ਦੀ ਪਸੰਦੀਦਾ ਖਾਣਾ ਤੱਕ ਖਵਾਉਂਦਾ ਰਿਹਾ । ਪਰ ਆਪਣੇ ਜਖ਼ਮਂ ਅਤੇ ਦਰਦ ਦੀ ਤਾਬ ਨਾ ਝੱਲਦਿਆਂ ਬਾਜ਼ ਨੇ ਦਮ ਤੋੜ ਦਿੱਤਾ। ਦਲੇਰ ਨੇ ਦੱਸਿਆ ਕਿ ਉਸ ਬਾਜ਼ ਨੂੰ ਪਿੰਡ ਵਿਚ ਹੀ ਦਫਨਾ ਦਿੱਤਾ ਗਿਆ। ਕੱਟ ਕੇ ਆ ਰਹੀਆਂ 90% ਪਤੰਗਾਂ ਨਾਲ ਹੁੰਦੀ ਚੀਨੀ ਡੋਰ ਸਮਾਜ ਸੇਵੀ ਪ੍ਰੇਮਨਾਥ ਸ਼ਰਮਾ ਨੇ ਦੱਸਿਆ ਕਿ ਇਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਵੇਚਣ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ, ਉੱਥੇ ਦੂਜੇ ਪਾਸੇ ਅਸਮਾਨ ਤੋਂ ਕੱਟ ਕੇ ਆ ਰਹੀਆਂ ਪਤੰਗਾਂ ਲਗਭਗ 90% ਤੋਂ ਵੱਧ ਪਤੰਗਾਂ ਨਾਲ ਚਾਈਨਾ ਡੋਰ ਦਾ ਮਿਲਣਾ ਹੋਰ ਹੀ ਹਕੀਕਤ ਬਿਆਨ ਕਰ ਰਿਹਾ ਹੈ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਜ਼ਿਆਦਾਤਰ ਲੋਕ ਇਸ ਖ਼ੂਨੀ ਡੋਰ ਨਾਲ ਹੀ ਪਤੰਗ ਉਡਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੁੱਝ ਕੁ ਭ੍ਰਿਸ਼ਟ ਪੁਲਸੀਆਂ, ਜਾਅਲੀ ਪੱਤਰਕਾਰਾਂ ਅਤੇ ਲਾਲਚੀ ਵਪਾਰੀਆਂ ਦੇ ਗਠਜੋੜ ਕਾਰਣ ਜਿੰਦਗੀਆਂ ਖਤਰੇ ’ਚ ਪਈਆਂ ਹੋਈਆਂ ਹਨ। ਵਾਤਾਵਰਣ ਸੁਰੱਖਿਆ ਐਕਟ 1986 ਦੇ ਤਹਿਤ ਹੋ ਸਕਦੈ 15 ਲੱਖ ਤਕ ਜੁਰਮਾਨਾਂ ਜਾਂ 5 ਸਾਲ ਦੀ ਕੈਦ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਭਾਂਵੇਂ ਪੰਜਾਬ ਪ੍ਰਦੂਸ਼ਨ ਵਿਭਾਗ ਵੱਲੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ ਰੱਖਿਆ ਗਿਆ ਹੈ, ਪਰ ਵਾਤਾਵਰਣ ਸੁਰੱਖਿਆ ਐਕਟ 1986 ਦੇ ਤਹਿਤ ਕੀਤੇ ਜਾਣ ਵਾਲਾ ਇਹ ਜੁਰਮਾਨਾ ਅਜੇ ਤੱਕ ਕਿਸੇ ਵੀ ਦੁਕਾਨਦਾਰ ਜਾਂ ਵਪਾਰੀ ਨੂੰ ਨਹੀਂ ਕੀਤਾ ਗਿਆ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਜਦੋਂ ਕੋਈ ਚਾਈਨਾ ਡੋਰ ਵਿਕਰੇਤਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਥਾਣੇ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ ਅਤੇ ਪੀ. ਸੀ. ਬੀ. ਕੋਲ ਕੇਸ ਭੇਜਣ ਦੀ ਬਜਾਏ ਥਾਣੇ ’ਚ ਹੀ ਜ਼ਮਾਨਤ ਵਾਲੀ ਧਾਰਾ ਲਗਾ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਜਾਂਦਾ ਹੈ। ਇਸ ਨਾਲ ਕੁਝ ਭ੍ਰਿਸ਼ਟ ਅਧਿਕਾਰੀਆਂ ਦੀ ਜੇਬ ਵੀ ਗਰਮ ਹੋ ਜਾਂਦੀ ਹੈ ਅਤੇ ਖ਼ੂਨੀ ਡੋਰ ਵੇਚਣ ਵਾਲੇ ਨੂੰ ਵੀ ਰਾਹਤ ਮਿਲ ਜਾਂਦੀ ਹੈ। ਦਿੱਲੀ ਗੇਟ ਤੋਂ ਬਿੱਲਾ ਹਲਵਾਈ ਚੌਕ ਤੱਕ ਹਨ ਕਈ ‘ਪੱਕੇ ਅੱਡੇ’ ---ਸ਼ਹਿਰ ਦੇ ਦਿੱਲੀ ਗੇਟ ਤੋਂ ਇਲਾਵਾ ਬਿੱਲੇ ਹਲਵਾਈ ਵਾਲਾ ਚੌਂਕ ਅਤੇ ਨਮਕ ਮੰਡੀ ਚੌਂਕ ਆਦਿ ਬੀਤੇ ਕਈ ਸਾਲਾਂ ਤੋਂ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਦਾ ਗੜ੍ਹ ਬਣ ਚੁੱਕੇ ਹਨ। ਇਸ ਤੋਂ ਇਲਾਵਾ ਕੁੱਝ ਸ਼ਾਤਿਰ ਵਪਾਰੀਆਂ ਵੱਲੋਂ ਤਾਂ ਹੁਣ ਹੋਮ ਡਲੀਵਰੀ ਵੀ ਕੀਤੀ ਜਾ ਰਹੀ ਹੈ। ਪਰਚਾ ਦਰਜ ਕਰਨ ਤੋਂ ਬਾਅਦ ਸਪਲਾਇਰ ਤੱਕ ਨਹੀਂ ਪੁੱਜਦੀ ਪੁਲਿਸ ਜਦੋਂ ਵੀ ਕਿਸੇ ਚਾਈਨਾ ਡੋਰ ਵਿਕਰੇਤਾ ਕੋਲੋਂ ਚੀਨੀ ਡੋਰ ਦੇ ਗੱਟੂ ਫੜੇ ਜਾਂਦੇ ਹਨ ਤਾਂ ਪੁਲਸ ਵੱਲੋਂ ਫੜੇ ਗਏ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਥਾਣੇ ਤੋਂ ਹੀ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਉਸ ਵਪਾਰੀ ਦੇ ‘ਫਾਰਵਰਡ ਅਤੇ ਬੈਕਵਰਡ’ ਲਿੰਕਾਂ ਦੀ ਜਾਂਚ ਹੀ ਨਹੀਂ ਕੀਤੀ ਜਾਂਦੀ ਕਿ ਦੋਸ਼ੀ ਨੇ ਡੋਰ ਕਿੱਥੋਂ ਲਿਆਂਦੀ, ਇਸ ਦੀ ਫੈਕਟਰੀ ਜਾਂ ਉਸ ਦੇ ਮੁੱਖ ਸਪਲਾਇਰ ਤੱਕ ਪੁਲਿਸ ਵੱਲੋਂ ਪਹੁੰਚ ਹੀ ਨਹੀਂ ਕੀਤੀ ਜਾਂਦੀ ਹੈ। ਸਵਾਲ ਪੁੱਛਣ ਵਾਲੇ ਪੱਤਰਕਾਰਾਂ ਦੇ ਫੋਨ ਹੀ ਨਹੀਂ ਚੁੱਕਦੇ ਪੁਲਿਸ ਅਧਿਕਾਰੀ ਉਧਰ ਪੱਖ ਪੁੱਛੇ ਜਾਣ ਲਈ ਜਦੋਂ ਮੰਗਲਵਾਰ ਸ਼ਾਮ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਸ਼ਾਇਦ ਵਿਅੱਸਤ ਹੋਣ ਕਾਰਨ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ। ਇਸੇ ਤਰਾਂ ਬੁੱਧਵਾਰ ਸ਼ਾਮ ਜਦੋਂ ਐੱਸਪੀ ਇਨਵੈਸਟੀਗੇਸ਼ਨ ਬਲਜੀਤ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਸ਼ਾਇਦ ਉਹ ਵੀ ਕਿਤੇ ਮਸਰੂਫ ਹੋਣ ਕਾਰਨ ਫੋਨ ਨਹੀਂ ਚੁੱਕ ਸਕੇ।