ਜੁਗਾੜੂ ਰੇਹੜੀ ਯੂਨੀਅਨ ਵੱਲੋਂ ਟ੍ਰੈਫਿਕ ਪੁਲਿਸ ਵਿਰੁੱਧ ਲਾਇਆ ਰੋਸ ਧਰਨਾ
ਜੁਗਾੜੂ ਰੇਹੜੀ ਯੂਨੀਅਨ ਵੱਲੋਂ ਟਰੈਫਿਕ ਪੁਲਿਸ ਵਿਰੁੱਧ ਰੋਸ ਧਰਨਾ ਲਗਾਇਆ ਗਿਆ
Publish Date: Wed, 26 Nov 2025 03:11 PM (IST)
Updated Date: Wed, 26 Nov 2025 03:14 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿਖੇ ਜੁਗਾੜੂ ਰੇਹੜੀ ਯੂਨੀਅਨ ਵੱਲੋਂ ਦਾਣਾ ਮੰਡੀ ਜ਼ੀਰਾ ਵਿਖੇ ਟਰੈਫਿਕ ਪੁਲਿਸ ਵਿਰੁੱਧ ਰੋਸ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਕਾਲਾ ਚੌਧਰੀ, ਹਰਜਿੰਦਰ ਸਿੰਘ, ਸਲੀਮ ਨੇ ਦੱਸਿਆ ਕਿ ਪੰਜਾਬ ਵਿਚ ਚੱਲਦੀਆਂ ਜੁਗਾੜੂ ਰੇਹੜੀਆਂ ਖਿਲਾਫ ਟਰੈਫਿਕ ਪੁਲਿਸ ਦੀ ਸਖਤੀ ਤੋਂ ਤੰਗ ਆ ਕੇ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ੀਰਾ ਇਲਾਕੇ ਵਿਚ 500 ਦੇ ਕਰੀਬ ਆਰਥਿਕ ਤੌਰ ’ਤੇ ਕਮਜ਼ੋਰ ਵਿਅਕਤੀ ਜੁਗਾੜੂ ਰੇਹੜੀਆਂ ਚਲਾ ਕੇ ਰੋਜ਼ੀ ਰੋਟੀ ਕਮਾ ਰਹੇ ਹਨ, ਪਿਛਲੇ ਕੁਝ ਦਿਨਾਂ ਤੋਂ ਟਰੈਫਿਕ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਦੀਆਂ ਰੇਹੜੀਆਂ ਨੂੰ ਥਾਣਿਆਂ ਵਿਚ ਬੰਦ ਕੀਤਾ ਜਾ ਰਿਹਾ ਹੈ ਜੋ ਗਰੀਬ ਲੋਕਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਦੀ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੂੰ ਵੀ ਜਾਣੂ ਕਰਵਾਇਆ ਹੈ। ਇਸ ਮੌਕੇ ਸ਼ਾਮ ਸੁੰਦਰ, ਬੂਟਾ ਸਿੰਘ, ਤੋਤਾ ਸਿੰਘ, ਸੰਦੀਪ ਸਿੰਘ ਗਾਦੜੀ ਵਾਲਾ, ਮਨਦੀਪ ਸਿੰਘ, ਦਰਸ਼ਨ ਸਿੰਘ ਮੱਲੋਕੇ, ਬਲਵੀਰ ਸਿੰਘ , ਜੋਗਿੰਦਰ ਸਿੰਘ, ਨਛੱਤਰ ਸਿੰਘ, ਬਲਵੰਤ ਸਿੰਘ ਸੁੱਖੇਵਾਲਾ, ਕੁਲਦੀਪ ਸਿੰਘ, ਰਾਮਪਾਲ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਜਦ ਟਰੈਫਿਕ ਪੁਲਿਸ ਇੰਚਾਰਜ਼ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਕੀਤੀ ਜਾ ਰਹੀ ਹੈ ਕਿਉਂਕਿ ਵੱਖ-ਵੱਖ ਯੂਨੀਅਨਾਂ ਵੱਲੋਂ ਹਾਈਕੋਰਟ ਵਿਚ ਜੁਗਾੜੂ ਰੇਹੜੀਆਂ ਖਿਲਾਫ ਰਿੱਟ ਪਾਈ ਗਈ ਹੈ।