ਕਿਤੇ ਅਪਮਾਨ ਤਾਂ ਨਹੀਂ ਉਂਗਲ ’ਤੇ ਲੱਗਾ ਵੋਟ ਦੀ ਸਿਆਹੀ ਦਾ ਨਿਸ਼ਾਨ! ਇਕ ਨਿਸ਼ਾਨੀ, ਕਈ ਸਵਾਲ : ਬੇਭਰੋਸਗੀ ਜਾਂ ਲੋਕਤੰਤਰ ਦੀ ਪਾਰਦਰਸ਼ਤਾ?
ਸਿਆਸੀ ਮਾਹਿਰਾਂ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਿਆਹੀ ਦੀ ਵਰਤੋਂ ਉਨ੍ਹਾਂ ਦੇਸ਼ਾਂ ’ਚ ਜ਼ਿਆਦਾ ਹੁੰਦੀ ਹੈ, ਜਿੱਥੇ ਵੋਟਰ ਲਿਸਟਾਂ ਦੀ ਪਾਰਦਰਸ਼ਤਾ ਅਤੇ ਪ੍ਰਸ਼ਾਸਨਿਕ ਭਰੋਸੇ ’ਤੇ ਹੀ ਸਵਾਲ ਖੜ੍ਹਦੇ ਰਹੇ ਹੋਣ। ਇਸ ਲਈ ਇਹ ਨਿਸ਼ਾਨ ਲੋਕਤੰਤਰ ਦੀ ਮਜ਼ਬੂਤੀ ਤੋਂ ਵੱਧ ਉਸ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
Publish Date: Fri, 29 May 2026 12:07 PM (IST)
Updated Date: Fri, 29 May 2026 12:12 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਚੋਣਾਂ ਦੌਰਾਨ ਵੋਟਰ ਦੀ ਉਂਗਲ ’ਤੇ ਲੱਗਣ ਵਾਲੀ ਸਿਆਹੀ ਨੂੰ ਭਾਵੇਂ ਹਰ ਕੋਈ ਬੜੀ ਸ਼ਾਨ ਨਾਲ ਵਿਖਾ ਕੇ ਆਪਣੇ ਸੋਸ਼ਲ ਮੀਡੀਆ ਪੇਜਾਂ ’ਤੇ ਪਾਉਂਦਾ ਹੈ ਪਰ ਲੋਕਤੰਤਰ ਦਾ ਇਹ ਇਕ ਨਿਸ਼ਾਨ ਕਈ ਸਵਾਲ ਖੜ੍ਹੇ ਕਰਦਾ ਹੈ। ਸਭ ਤੋਂ ਵੱਡਾ ਸਵਾਲ, ਕੀ ਇਹ ਸਿਆਹੀ ਵੋਟਰ ਦਾ ਇੱਜ਼ਤ ਮਾਣ ਹੈ ਜਾਂ ਉਸ ’ਤੇ ਕੀਤਾ ਗਿਆ ਬੇਭਰੋਸਗੀ ਦਾ ਪ੍ਰਗਟਾਵਾ?
ਸਿਆਸੀ ਮਾਹਿਰਾਂ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਿਆਹੀ ਦੀ ਵਰਤੋਂ ਉਨ੍ਹਾਂ ਦੇਸ਼ਾਂ ’ਚ ਜ਼ਿਆਦਾ ਹੁੰਦੀ ਹੈ, ਜਿੱਥੇ ਵੋਟਰ ਲਿਸਟਾਂ ਦੀ ਪਾਰਦਰਸ਼ਤਾ ਅਤੇ ਪ੍ਰਸ਼ਾਸਨਿਕ ਭਰੋਸੇ ’ਤੇ ਹੀ ਸਵਾਲ ਖੜ੍ਹਦੇ ਰਹੇ ਹੋਣ। ਇਸ ਲਈ ਇਹ ਨਿਸ਼ਾਨ ਲੋਕਤੰਤਰ ਦੀ ਮਜ਼ਬੂਤੀ ਤੋਂ ਵੱਧ ਉਸ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਭਾਰਤ ਸਣੇ ਦੱਖਣੀ ਏਸ਼ੀਆ ਅਤੇ ਕੁਝ ਅਫਰੀਕੀ ਦੇਸ਼ਾਂ ’ਚ ਵੋਟ ਪਾਉਣ ਤੋਂ ਬਾਅਦ ਉਂਗਲ ’ਤੇ ਸਿਲਵਰ ਨਾਈਟਰੇਟ ਵਾਲੀ ਸਿਆਹੀ ਲਗਾਉਣ ਦਾ ਰਿਵਾਜ਼ ਦਹਾਕਿਆਂ ਪੁਰਾਣਾ ਹੈ। ਭਾਰਤ ’ਚ ਪਹਿਲੀ ਵਾਰ 1962 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਸਿਆਹੀ ਵਰਤੀ ਗਈ।
ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਇਹ ਪ੍ਰਬੰਧ ਡੁਪਲੀਕੇਟ ਵੋਟਿੰਗ ਰੋਕਣ ਲਈ ਕੀਤਾ ਗਿਆ ਸੀ, ਕਿਉਂਕਿ ਆਜ਼ਾਦੀ ਦੇ ਸ਼ੁਰੂਆਤੀ ਦੌਰ ’ਚ ਪਛਾਣ ਪੱਤਰ ਤੇ ਡਿਜੀਟਲ ਡਾਟਾ ਵਰਗੀਆਂ ਸਹੂਲਤਾਂ ਮੌਜੂਦ ਨਹੀਂ ਸਨ। ਹੁਣ ਇੱਥੇ ਸਵਾਲ ਇਹ ਹੈ ਕਿ ਜਦੋਂ ਡਿਜੀਟਲ ਯੁੱਗ ’ਚ ਆਧਾਰ, ਬਾਇਓਮੈਟ੍ਰਿਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਮੌਜੂਦ ਹਨ ਤਾਂ ਫਿਰ ਵੀ ਵੋਟਰ ਦੀ ਉਂਗਲ ’ਤੇ ‘ਬੇਭਰੋਸਗੀ ਦਾ ਨਿਸ਼ਾਨ’ ਕਿਉਂ? ਕੀ ਲੋਕਤੰਤਰ ਅਜੇ ਵੀ ਆਪਣੇ ਹੀ ਵੋਟਰ ’ਤੇ ਪੂਰਾ ਭਰੋਸਾ ਨਹੀਂ ਕਰ ਸਕਿਆ?
ਹੈਰਾਨੀ ਦੀ ਗੱਲ ਇਹ ਹੈ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਦੇਸ਼ਾਂ ਜਿਵੇਂ ਅਮਰੀਕਾ, ਬ੍ਰਿਟੇਨ, ਫਰਾਂਸ ਤੇ ਜਰਮਨੀ ’ਚ ਅਜਿਹੀ ਸਿਆਹੀ ਦੀ ਵਰਤੋਂ ਨਹੀਂ ਹੁੰਦੀ। ਉੱਥੇ ਵੋਟਰ ਦੀ ਪਛਾਣ ਲਈ ਡਿਜੀਟਲ ਰਜਿਸਟ੍ਰੇਸ਼ਨ, ਫੋਟੋ ਆਈਡੀ, ਸੋਸ਼ਲ ਸਿਕਿਉਰਿਟੀ ਡਾਟਾ ਅਤੇ ਬਾਇਓਮੈਟ੍ਰਿਕ ਪ੍ਰਣਾਲੀਆਂ ਵਰਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਕਰਨਾਟਕ ਸਥਿਤ ਇਕ ਸਰਕਾਰੀ ਪੇਂਟਸ ਐਂਡ ਵਾਰਨਿਸ਼ ਕੰਪਨੀ ’ਚ ਬਣਦੀ ਇਹ ਸਿਲਵਰ ਨਾਈਟਰੇਟ ਆਧਾਰਿਤ ਸਿਆਹੀ ਸਿਰਫ਼ ਭਾਰਤ ’ਚ ਹੀ ਨਹੀਂ, ਸਗੋਂ ਕਈ ਹੋਰ ਦੇਸ਼ਾਂ ਨੂੰ ਵੀ ਸਪਲਾਈ ਕੀਤੀ ਜਾਂਦੀ ਹੈ।