ਅੰਤਿਮ ਦਿਨ ਸਮੇਤ ਜ਼ਿਲ੍ਹਾ ਪ੍ਰੀਸ਼ਦ ਲਈ 95 ਤੇ ਪੰਚਾਇਤ ਸੰਮਤੀ ਲਈ 510 ਨਾਮਜ਼ਦਗੀ ਪੱਤਰ ਦਾਖ਼ਲ
ਨਾਮਜਦਗੀਆਂ ਦੇ ਅੰਤਿਮ ਦਿਨ ਸਮੇਤ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 95 ਤੇ ਪੰਚਾਇਤ ਸੰਮਤੀ ਲਈ ਕੁੱਲ 510 ਨਾਮਜ਼ਦਗੀ ਪੱਤਰ ਹੋਏ ਦਾਖਲ
Publish Date: Fri, 05 Dec 2025 04:20 PM (IST)
Updated Date: Fri, 05 Dec 2025 04:24 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ 14 ਦਸੰਬਰ 2025 ਨੂੰ ਹੋਣ ਵਾਲੀਆਂ ਚੌਣਾਂ ਦੇ ਮੱਦੇਨਜ਼ਰ ਨਾਮਜਦਗੀਆਂ ਦੇ ਅੰਤਿਮ ਦਿਨ ਤੱਕ ਜ਼ਿਲ੍ਹਾ ਪ੍ਰੀਸ਼ਦ ਦੇ 16 ਜੋਨਾਂ ਅਤੇ 5 ਪੰਚਾਇਤ ਸੰਮਤੀਆਂ ਦੇ 106 ਜੋਨਾਂ ਲਈ ਕੁੱਲ 605 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਸਮੇਤ ਜ਼ਿਲ੍ਹਾ ਪਰਿਸ਼ਦ ਲਈ ਕੁੱਲ 95 ਤੇ ਪੰਚਾਇਤ ਸੰਮਤੀ ਲਈ 510 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੀਆਂ 5 ਪੰਚਾਇਤੀ ਸੰਮਤੀਆਂ ਲਈ 510 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ ਜ਼ਿਨ੍ਹਾਂ ਵਿਚੋਂ ਪੰਚਾਇਤ ਸੰਮਤੀ ਅਰਨੀਵਾਲਾ ਤੋਂ 73, ਪੰਚਾਇਤ ਸੰਮਤੀ ਫਾਜ਼ਿਲਕਾ ਤੋਂ 106, ਪੰਚਾਇਤ ਸੰਮਤੀ ਜਲਾਲਾਬਾਦ ਤੋਂ 145, ਪੰਚਾਇਤ ਸੰਮਤੀ ਬਲੂਆਣਾ ਐਟ ਅਬੋਹਰ ਤੋਂ 119 ਤੇ ਪੰਚਾਇਤ ਸੰਮਤੀ ਖੂਈਆਂ ਸਰਵਰ ਐਟ ਅਬੋਹਰ ਤੋਂ 67 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। 5 ਦਸੰਬਰ 2025 (ਸ਼ੁੱਕਰਵਾਰ) ਨੂੰ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 6 ਦਸੰਬਰ 2025 (ਸ਼ਨੀਵਾਰ) ਨੂੰ ਦੁਪਹਿਰ 3.00 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। । ਵੋਟਾਂ ਦੀ ਗਿਣਤੀ 17 ਦਸੰਬਰ 2025 (ਬੁੱਧਵਾਰ) ਨੂੰ ਹੋਵੇਗੀ।
ਪੋਲਿੰਗ ਸਟਾਫ ਦੀ ਕੀਤੀ ਰੈਂਡਮਾਈਜੇਸ਼ਨ
14 ਦਸੰਬਰ 2025 ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਸੰਮਤੀ ਚੋਣਾਂ ਦੇ ਮੱਦੇਨਜਰ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਦੀ ਰਹਿਨੁਮਾਈ ਹੇਠ ਪੋਲਿੰਗ ਸਟਾਫ ਦੀ ਰੈਂਡਮਾਈਜੇਸ਼ਨ ਹੋਈ। ਉਨ੍ਹਾਂ ਨਿਯੁਕਤ ਕੀਤੇ ਗਏ ਪੋਲਿੰਗ ਸਟਾਫ਼ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 743 ਪੋਲਿੰਗ ਬੂਥਾਂ ਲਈ ਪਾਰਟੀਆਂ ਬਣਾਈਆਂ ਗਈਆਂ ਹਨ, ਇਸ ਤੋਂ ਇਲਾਵਾ 30 ਫ਼ੀਸਦੀ ਰਿਜ਼ਰਵ ਸਟਾਫ ਵੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਪੋਲਿੰਗ ਸਟਾਫ਼ ਵੋਟਿੰਗ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।ਇਸ ਮੌਕੇ ਇੰਚਾਰਜ ਇਲੈਕਸ਼ਨ ਸੈਲ ਫਾਜ਼ਿਲਕਾ ਕਰਨ ਕਟਾਰੀਆ, ਡੀ.ਆਈ.ਓ.ਰਜਤ, ਸਰਬਜੀਤ ਸਿੰਘ, ਚੇਤਨ ਸ਼ਰਮਾ, ਅਨਮੋਲ ਤੋਂ ਇਲਾਵਾ ਹੋਰ ਸਟਾਫ ਵੀ ਹਾਜਰ ਸਨ।