ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜੱਥੇਬੰਦੀ ਦੀ ਅਹਿਮ ਮੀਟਿੰਗ ਹੋਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਪਿੰਡ ਸ਼ਾਹਵਾਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜੱਥੇਬੰਦੀ ਦੀ ਅਹਿਮ ਮੀਟਿੰਗ ਹੋਈ । ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਅਤੇ ਵਿੱਤ ਸਕੱਤਰ ਮੰਗਲ ਸਿੰਘ ਸੰਧੂ ਸ਼ਾਹਵਾਲਾ ਅਤੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਝਾਮਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਤੇ ਨਿਵੇਸ਼ ਦੇ ਨਾਂ ਹੇਠ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਦੇ ਹੱਲੇ ਨੂੰ ਤੇਜ਼ ਕਰਦਿਆਂ ਥਰਮਲ ਬਠਿੰਡਾ ਦੀ ਜ਼ਮੀਨ ਵੇਚਣ ਦਾ ਫੈਸਲਾ ਕਰ ਦਿੱਤਾ ਗਿਆ ਹੈ। ਪੰਜਾਬ ਅੰਦਰ ਪਹਿਲਾਂ ਹੀ ਸਰਕਾਰ ਸਰਕਾਰੀ ਵਿਭਾਗਾਂ ਤੇ ਅਦਾਰਿਆਂ ਦੀਆਂ 26 ਜਾਇਦਾਦਾਂ ਵੇਚਣ ਦੀ ਨਿਸ਼ਾਨਦੇਹੀ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਬਠਿੰਡਾ ਥਰਮਲ ਸਮੇਤ 11 ਥਾਵਾਂ ਇਕੱਲੇ ਬਿਜਲੀ ਵਿਭਾਗ ਦੀਆਂ ਹੀ ਹਨ। ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜੱਥੇਬੰਦੀ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਸਰਕਾਰੀ ਵਿਭਾਗਾਂ ਤੇ ਲੋਕਾਂ ਦੇ ਦੋਖੀ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨਾਂ ਵੇਚਣ ਦੀ ਨੀਤੀ ਦਾ ਵਿਰੋਧ ਕਰਨ ਅਤੇ ਮੰਗ ਕਰਨ ਕਿ ਸਭ ਸਰਕਾਰੀ ਵਿਭਾਗ ਤੇ ਅਦਾਰੇ ਸਰਕਾਰ ਖੁਦ ਚਲਾਵੇ। ਆਗੂਆਂ ਨੇ ਕਿਹਾ ਕਿ ਇਸ ਸਰਕਾਰ ਨੇ ਆਉਂਦਿਆਂ ਹੀ ਕਾਰਪੋਰੇਟ ਲਾਣੇ ਨੂੰ ਜ਼ਮੀਨਾਂ ਦੇਣ ਦਾ ਆਪਣਾ ਰੁਖ ਦਿਖਾ ਦਿੱਤਾ। ਸ਼ੁਰੂ ਵਿਚ ਹੀ ਮੱਤੇਵਾੜਾ ਜੰਗਲ ਦੀ 1000 ਏਕੜ ਜ਼ਮੀਨ ਦੇਣ ਦਾ ਫ਼ੈਸਲਾ ਇਸ ਨੇ ਕਰ ਦਿੱਤਾ ਸੀ, ਜੋ ਲੋਕ ਸੰਘਰਸ਼ ਨੇ ਸਿਰੇ ਚੜਨ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਪਿੰਡ ਸੇਖੇਵਾਲ, ਕੰਡਿਆਣਾ ਕਲਾਂ ਤੇ ਮਾਛੀਆ ਕਲਾਂ ਪਿੰਡਾਂ ਦੀ 400 ਏਕੜ ਜ਼ਮੀਨ ਤੇ ਲੁਧਿਆਣਾ ਨਾਲ ਲੱਗਵੀਂ 150 ਏਕੜ ਤੇ ਰਾਜਪੁਰੇ ਦੀ 469 ਏਕੜ ਜ਼ਮੀਨ ਉਨ੍ਹਾਂ ਦੀ ਝੋਲੀ ਪਾ ਚੁੱਕੀ ਹੈ। ਖੇਤੀਬਾੜੀ ਯੂਨੀਵਰਸਿਟੀ ਦੀ 1500 ਏਕੜ,ਮੁਹਾਲੀ ਦੀ ਸਬਜ਼ੀ ਤੇ ਫਲ ,ਮੰਡੀ ਵਾਲੀ 12 ਏਕੜ,ਐਗਰੋ ਇੰਡਸਟਰੀਜ਼ ਤੇ ਬਾਗਬਾਨੀ ਵਿਭਾਗ ਦੀ ਲੱਗਭਗ 70 ਏਕੜ ਜ਼ਮੀਨ ਵਿਕਾਊ ਕੀਤੀਆਂ ਜਾ ਚੁੱਕੀਆਂ ਹਨ। ਹੁਣ ਸਰਕਾਰ ਬਠਿੰਡਾ ਥਰਮਲ ਦੀ 2400 ਏਕੜ ਜ਼ਮੀਨ ਵੇਚਣ ਦਾ ਫੈਸਲਾ ਕਰਕੇ ਬਠਿੰਡੇ ਦੇ ਲੋਕਾਂ ਦੇ ਥਰਮਲ ਬੰਦ ਕੀਤੇ ਜਾਣ ਵੇਲੇ ਦੇ ਜ਼ਖ਼ਮ ਮੁੜ ਉਧੇੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਵਾਲੀ ਸਰਕਾਰੀ ਜ਼ਮੀਨਾਂ ਵੇਚਣ ਦੇ ਧੰਦੇ ਨੂੰ ਅੱਗੇ ਵਧਾਇਆ ਹੈ। ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਫੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਫੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਸੂਬਾ ਪ੍ਰੈੱਸ ਅਤੇ ਵਿੱਤ ਸਕੱਤਰ ਮੰਗਲ ਸਿੰਘ ਸੰਧੂ ਸਾਹ ਵਾਲਾ,ਸੂਬਾ ਜਰਨਲ ਸਕੱਤਰ ਜਸਵੀਰ ਸਿੰਘ ਝਾਮਕਾ,ਜ਼ਿਲ੍ਹਾ ਪ੍ਰੈੱਸ ਸਕੱਤਰ ਦੀਪਕ ਭਾਰਗੋ, ਬਲਾਕ ਪ੍ਰਧਾਨ ਜ਼ੀਰਾ ਗੁਰਪ੍ਰੀਤ ਸਿੰਘ ਭੁੱਲਰ, ਸਾਬਕਾ ਸਰਪੰਚ ਗੁਰਮੇਲ ਸਿੰਘ,ਲੰਬੜਦਾਰ ਲਖਬੀਰ ਸਿੰਘ ਸਲਾਹਕਾਰ ਜ਼ੀਰਾ, ਬਲਾਕ ਆਗੂ ਬਲਜਿੰਦਰ ਸਿੰਘ ਸੰਧੂ, ਖਜਾਨਚੀ ਹਰਮੰਦਰ ਸਿੰਘ ਸੰਧੂ, ਮੈਂਬਰ ਗੁਰਪ੍ਰੀਤ ਸਿੰਘ ਬਰਾੜ,ਚਮਕੌਰ ਸਿੰਘ ਮੱਲੋਕੇ, ਨਿਰਵੈਰ ਸਿੰਘ ਮੱਲੋਕੇ, ਇਕਾਈ ਪ੍ਰਧਾਨ ਮਾਛੀਵਾੜਾ ਕੁਲਦੀਪ ਸਿੰਘ, ਜੋਗਾ ਸਿੰਘ ਇਕਾਈ ਪ੍ਰਧਾਨ ਬਸਤੀ ਗੁਰਦੀਪ ਸਿੰਘ ਵਾਲੀ, ਇਕਾਈ ਪ੍ਰਧਾਨ ਨੂਰਪੁਰ ਸੁਖਦੇਵ ਸਿੰਘ, ਇਕਾਈ ਪ੍ਰਧਾਨ ਬੇਰੀ ਕਾਦਰਾਬਾਦ ਗੁਰਜੰਟ ਸਿੰਘ ਆਦਿ ਹਾਜ਼ਰ ਸਨ।