ਉੱਚ ਜੋਖਮ ਗਰਭਵਤੀਆਂ ਦਾ ਨਿਯਮਿਤ ਫੋਲੋ-ਅਪ ਕੀਤਾ ਜਾਵੇ : ਡਾ.ਕਵਿਤਾ ਸਿੰਘ

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਜੱਚਾ-ਬੱਚਾ ਸਿਹਤ ਸੇਵਾਵਾਂ ਪ੍ਰੋਗ੍ਰਾਮ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਸਿਹਤ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਵਿਸ਼ੇਸ਼ ਉਪਰਾਲੇ ਅਧੀਨ ਅਰਬਨ ਅਤੇ ਪੇਂਡੂ ਏਰੀਆ ਵਾਈਜ਼ ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਸਿਵਲ ਸਰਜਨ ਡਾ. ਕਵਿਤਾ ਸਿੰਘ ਫਾਜ਼ਿਲਕਾ ਦੀ ਪ੍ਰਧਾਨਗੀ ਵਿੱਚ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡੀ.ਪੀ.ਐਮ ਰਾਜੇਸ਼ ਕੁਮਾਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਨਾ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਜ਼ਿਲ੍ਹਾ ਆਰ.ਬੀ.ਐਸ.ਕੇ ਕੋਆਰਡੀਨੇਟਰ ਬਲਜੀਤ ਸਿੰਘ, ਡੀ.ਐਮ.ਈ.ਓ ਪੂਜਾ, ਪੀ.ਐਨ.ਡੀ.ਟੀ ਕੋਆਰਡੀਨੇਟਰ ਕ੍ਰਿਸ਼ਨ ਕੁਮਾਰ, ਅਰਬਨ ਆਸ਼ਾ ਕੋਆਰਡੀਨੇਟਰ ਰਵਿੰਦਰ ਕੁਮਾਰ ਅਤੇ ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਸੁੱਖਦੇਵ ਸਿੰਘ ਮੌਜੂਦ ਸਨ। ਡਾ. ਕਵਿਤਾ ਸਿੰਘ ਨੇ ਕਿਹਾ ਕਿ ਮਾਤਰੀ ਮੌਤਾਂ ਦਾ ਇੱਕ ਮੁੱਖ ਕਾਰਨ ਹਾਈਰਿਸਕ ਪ੍ਰੈਗਨੈਂਸੀ ਹੈ ਅਤੇ ਇਸ ਨੂੰ ਘਟਾਉਣ ਲਈ ਲੋੜੀਂਦੇ ਅਤੇ ਲਗਾਤਾਰ ਉਪਰਾਲੇ ਕਰਨ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਗਰਭਵਤੀ ਔਰਤ ਦੀ ਜਲਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ, ਹਾਈਰਿਸਕ ਗਰਭਵਤੀ ਔਰਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਹਨਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਹਨਾਂ ਦੇ ਰੂਟੀਨ ਚੈਕਅੱਪ ਤੋਂ ਵਾਧੂ ਚੈੱਕਅਪ ਕੀਤੇ ਜਾਣ ਅਤੇ ਜਣੇਪੇ ਤੱਕ ਉਨ੍ਹਾਂ ਦਾ ਫੋਲੋਅਪ ਅਤੇ ਮੈਡੀਕਲ ਚੈੱਕਅਪ ਯਕੀਨੀ ਬਣਾਇਆ ਜਾਵੇ ਤਾਂ ਕਿ ਲੋੜ ਪੈਣ ਤੇ ਸਮੇਂ ਰਹਿੰਦਿਆਂ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਮਾਤਰੀ ਮੌਤ ਦਰ ਨੂੰ ਘਟਾਇਆ ਜਾ ਸਕੇ। ਬਲਾਕ ਅਤੇ ਜ਼ਿਲ੍ਹਾ ਪੱਧਰ ਤੋਂ ਸਿਹਤ ਕਰਮੀਆਂ ਵੱਲੋਂ ਹਾਈ ਰਿਸਕ ਗਰਭਵਤੀਆਂ ਨੂੰ ਫੋਨ ਰਾਹੀਂ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਗਰਭਵਤੀ ਔਰਤਾਂ ਦੇ ਸਾਰੇ ਚੈੱਕਅਪ ਜਿਵੇਂ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਐੱਚ.ਬੀ., ਥਾਇਰਾਇਡ, ਹੈਪੈਟਾਇਟਸ, ਅਲਟਰਾ ਸਾਊਂਡ, ਈ.ਸੀ.ਜੀ. ਅਤੇ ਹੋਰ ਜ਼ਰੂਰੀ ਚੈੱਕਅਪ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਚੈਕ-ਅਪ ਲਈ ਆਉਣ ਵਾਲੀ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਣੇਪੇ ਦੀ ਤਿਆਰੀਆਂ ਬਾਰੇ, ਜਣੇਪੇ ਦੌਰਾਨ ਆਉਣ ਵਾਲੀ ਸਮਸਿਆਵਾਂ ਬਾਰੇ, ਇਹਨਾਂ ਤੋਂ ਬਚਾਅ ਦੇ ਸਾਧਨਾਂ ਅਤੇ ਸੰਤੁਲਿਤ ਤੇ ਪੋਸ਼ਟਿਕ ਖੁਰਾਕ ਬਾਰੇ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਲੱਗਣ ਵਾਲੇ ਕੈਂਪ ਦੌਰਾਨ ਸਪੈਸ਼ਲਿਸਟ ਡਾਕਟਰਾਂ ਵੱਲੋਂ ਚੈਕਅਪ ਯਕੀਨੀ ਬਣਾਇਆ ਜਾਵੇ।