ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸਕੂਲ ਜ਼ੀਰਾ ਦੀ ਵਿਦਿਆਰਥਣ ਹਰਸ਼ਰਨ ਕੌਰ ਬਣੀ ਸਟੇਟ ਚੈਂਪੀਅਨ
ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸਕੂਲ ਜ਼ੀਰਾ ਦੀ ਵਿਦਿਆਰਥਣ ਹਰਸ਼ਰਨ ਕੌਰ ਬਣੀ ਸਟੇਟ ਚੈਂਪੀਅਨ
Publish Date: Sat, 22 Nov 2025 04:10 PM (IST)
Updated Date: Sat, 22 Nov 2025 04:10 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਵਿਦਿਆਰਥਣ ਹਰਸ਼ਰਨ ਕੌਰ ਢਿੱਲੋਂ ਨੇ ਸੰਗਰੂਰ ਵਿਖੇ ਹੋਏ ਸਟੇਟ ਪੱਧਰੀ ਕਿੱਕ-ਬਾਕਸਿੰਗ ਮੁਕਾਬਲਿਆਂ ਵਿਚ ਅੰਡਰ-14 ਲੜਕੀਆਂ ਦੇ ਭਾਰ ਵਰਗ-37 ਵਿਚ ਆਪਣੀ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਹਰਸ਼ਰਨ ਕੌਰ ਨੇ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਸਟੇਟ ਪੱਧਰ ਤੇ ਕਿੱਕ ਬਾਕਸਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ ਅਤੇ ਇਹ ਉਸਦਾ ਦੂਸਰਾ ਲਗਾਤਾਰ ਸਟੇਟ ਪੱਧਰ ਦਾ ਗੋਲਡ ਮੈਡਲ ਹੈ। ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਹਰਸ਼ਰਨ ਦੇ ਕੋਚ ਪਰਮਜੀਤ ਸਿੰਘ ਡੀਪੀਈ ਅਤੇ ਲਕਸ਼ਮੀ ਵਰਮਾ ਲਗਾਤਾਰ ਤਿੰਨ ਸਾਲ ਤੋਂ ਵਿਦਿਆਰਥਣ ਨੂੰ ਪ੍ਰੈਕਟਿਸ ਕਰਵਾ ਰਹੇ ਹਨ, ਜਿਸਦੇ ਨਤੀਜੇ ਵਜੋਂ ਹਰਸ਼ਰਨ ਨੇ ਸਟੇਟ ਚੈਂਪੀਅਨ ਦਾ ਖਿਤਾਬ ਜਿੱਤ ਕੇ ਆਪਣੇ ਸਕੂਲ ਇਲਾਕੇ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਵਿਸ਼ੇਸ਼ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਗੋਲਡ ਮੈਡਲ ਜਿੱਤਣ ਉਪਰੰਤ ਸਕੂਲ ਪਹੁੰਚਣ ਤੇ ਵਿਦਿਆਰਥਣ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਕੂਲ ਵੱਲੋਂ ਵੀ ਵਿਦਿਆਰਥਣ ਨੂੰ ਅਵਾਰਡ ਆੱਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰਨ ਹਰਸ਼ਰਨ ਦੇ ਪਿਤਾ ਸੁਖਚੈਨ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।