ਉਧਰ ਜਿਸ ਵੇਲੇ ਸਾਰਾਗੜ੍ਹੀ ਗੁਰੂਦੁਆਰਾ ਤੋਂ ਚੱਲੀ ਰਾਜਪਾਲ ਦੀ ਪੈਦਲ ਯਾਤਰਾ ਸਰਕਾਰੀ ਐਮੀਨੈਂਸ ਸਕੁਲ ਪਹੁੰਚੀ ਤਾਂ ਰਾਜਪਾਲ ਮੇਨ ਪੰਡਾਲ ਵਿਚ ਪਹੁੰਚ ਕੇ ਲੋਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲੱਗੇ। ਉਸ ਵੇਲੇ ਪੈਦਲ ਯਾਤਰਾ ਦੇ ਨਾਲ ਹੀ ਆਏ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਅਸ਼ਵਨੀ ਸ਼ਰਮਾ, ਰਾਣਾ ਸੋਢੀ ਆਦਿ ਸਕੂਲ ਦੇ ਪ੍ਰਿੰਸੀਪਲ ਦਫਤਰ ਵਿਚ ਬੈਠ ਗਏ।

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ : ਨਸ਼ਿਆਂ ਖ਼ਿਲਾਫ਼ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੈਦਲ ਯਾਤਰਾ ਮੰਗਲਵਾਰ ਨੂੰ ਪੰਜਾਬ ਦੀ ਸਿਆਸਤ ’ਚ ਵੱਡੇ ਦੇ ਸੰਕੇਤ ਉਸ ਵੇਲੇ ਕਾਫੀ ਹੱਦ ਤੱਕ ਸਾਫ ਹੁੰਦੇ ਨਜ਼ਰ ਆਏ ਜਦੋਂ ਮੰਗਲਵਾਰ ਸਵੇਰੇ ਅਕਾਲੀ ਦਲ, ਭਾਜਪਾ ਅਤੇ ਇੱਕ ਵੱਡੇ ਡੇਰੇ ਦੇ ਮੁਖੀ ਨਾ ਸਿਰਫ ਇੱਕੋ ਸਮਾਗਮ ’ਚ ਨਜ਼ਰ ਆਏ। ਇਹੀ ਨਹੀਂ ਇਸ ਦੌਰਾਨ ਇਨ੍ਹਾਂ ਵਿਚਾਲੇ ਇਕ ਮੀਟਿੰਗ ਵੀ ਹੋਈ। ਮੀਟਿੰਗ ਇਲਾਕੇ ਵਿਚ ਕਈ ਤਰ੍ਹਾਂ ਦੀਆਂ ਜਮ੍ਹਾਂ-ਘਟਾਓ ਦੀ ਚਰਚਾ ਛੱਡ ਗਈ। ਇਸ ਯਾਤਰਾ ’ਚ ਪਹਿਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਫਿਰ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸ਼ਮੂਲੀਅਤ ਨੇ ਕਈ ਤਰ੍ਹਾਂ ਦੇ ਸਿਆਸੀ ਇਸ਼ਾਰੇ ਦਿੱਤੇ ਹਨ। ਇਸ ਸਬੰਧੀ ਭਾਵੇਂ ਅਕਾਲੀ ਸੁਪ੍ਰੀਮੋ ਵੱਲੋਂ ਨਸ਼ਿਆਂ ਜਿਹੇ ਸਾਂਝੇ ਕਾਰਜ ਲਈ ਰਾਜਪਾਲ ਦੀ ਅਪੀਲ ’ਤੇ ਸ਼ਮੂਲੀਅਤ ਕਰਨੀ ਦੱਸੀ ਜਾ ਰਹੀ ਹੈ ਪਰ ਬਾਬਾ ਬਿਆਸ ਮੁਖੀ ਵੱਲੋਂ ਨਾਭਾ ਫੇਰੀ ਦੇ ਦੋ ਘੰਟੇ ਬਾਅਦ ਹੀ ਬਿਕਰਮ ਮਜੀਠੀਆ ਦੀ ਜ਼ਮਾਨਤ ਹੋ ਜਾਣਾ, ਹੁਣ ਬਾਬਾ ਬਿਆਸ ਦੀ ਮੌਜੂਦਗੀ ਦੇ ਕੁਝ ਹੀ ਸਮੇਂ ਬਾਅਦ ਅਕਾਲੀ ਸੁਪ੍ਰੀਮੋ ਦਾ ਪਹੁੰਚ ਜਾਣਾ ‘ਬੇਸਬੱਬ’ ਨਹੀਂ ਜਾਪ ਰਿਹਾ ਹੈ।
ਉਧਰ ਜਿਸ ਵੇਲੇ ਸਾਰਾਗੜ੍ਹੀ ਗੁਰੂਦੁਆਰਾ ਤੋਂ ਚੱਲੀ ਰਾਜਪਾਲ ਦੀ ਪੈਦਲ ਯਾਤਰਾ ਸਰਕਾਰੀ ਐਮੀਨੈਂਸ ਸਕੁਲ ਪਹੁੰਚੀ ਤਾਂ ਰਾਜਪਾਲ ਮੇਨ ਪੰਡਾਲ ਵਿਚ ਪਹੁੰਚ ਕੇ ਲੋਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲੱਗੇ। ਉਸ ਵੇਲੇ ਪੈਦਲ ਯਾਤਰਾ ਦੇ ਨਾਲ ਹੀ ਆਏ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਅਸ਼ਵਨੀ ਸ਼ਰਮਾ, ਰਾਣਾ ਸੋਢੀ ਆਦਿ ਸਕੂਲ ਦੇ ਪ੍ਰਿੰਸੀਪਲ ਦਫਤਰ ਵਿਚ ਬੈਠ ਗਏ। ਰਾਜਪਾਲ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਸੀ ,ਜਦਕਿ ਸਿਆਸੀ ਆਗੂਆਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ। ਰਾਜਪਾਲ ਵੱਲੋਂ ਕੀਤੇ ਜਾ ਰਹੇ ਸੰਬੋਧਨ ਦੌਰਾਨ ਅਕਾਲੀ ਸੁਪ੍ਰੀਮੋ ਸੁਖਬੀਰ ਸਿੰਘ ਬਾਦਲ ਵੀ ਬਾਹਰ ਪੰਡਾਲ ਵਿਚ ਨਜ਼ਰ ਆਏ। ਭਾਸ਼ਣ ਵਿਚ ਰਾਜਪਾਲ ਨੇ ਸੁਖਬੀਰ ਬਾਦਲ ਦਾ ਨਾਂ ਲੈ ਕੇ ਸਵਾਗਤ ਕੀਤਾ। ਸਰਕਾਰੀ ਸਕੂਲ ਵਿੱਚ ਲਗਪਗ 17 ਮਿੰਟ ਤੱਕ ਅਕਾਲੀ ਅਤੇ ਭਾਜਪਾ ਆਗੂਆਂ ਵਿਚਾਲੇ ਬੰਦ ਦਰਵਾਜ਼ਿਆਂ ਪਿੱਛੇ ਹੋਈ ਮੀਟਿੰਗ ਮਗਰੋਂ ਸਿਆਸੀ ਹਲਕਿਆਂ ’ਚ ਕਈ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਮੀਟਿੰਗ ਦੇ ਮਸਲਿਆਂ ਬਾਰੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਪਰ ਸਮੇਂ ਅਤੇ ਹਾਜ਼ਰੀ ਨੂੰ ਦੇਖਦੇ ਹੋਏ ਇਸ ਨੂੰ ਆਮ ਮੁਲਾਕਾਤ ਨਹੀਂ ਮੰਨਿਆ ਜਾ ਰਿਹਾ।
ਇਸ ਤੋਂ ਇਲਾਵਾ ਫਿਰੋਜ਼ਪੁਰ ਨਾਲ ਸਬੰਧਤ ਕਈ ਅਕਾਲੀ ਸਮੱਰਥਕਾਂ ਵੱਲੋਂ ਰਾਜਪਾਲ ਦੀ ਰੈਲੀ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਦੀ ਕੋਠੀ ਦੇ ਬਾਹਰ ਰਾਜਪਾਲ ਦਾ ਸਵਾਗਤ ਵੀ ਕੀਤਾ ਗਿਆ ਸੀ । ਮੀਟਿੰਗ ਤੋਂ ਬਾਅਦ ਡੇਰਾ ਬਿਆਸ ਦੇ ਮੁਖੀ ਦਾ ਸਿੱਧਾ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ’ਤੇ ਪਹੁੰਚਣਾ ਸਿਆਸੀ ਸੰਦੇਸ਼ਾਂ ਨੂੰ ਹੋਰ ਮਜ਼ਬੂਤ ਕਰਦਾ ਦਿੱਖ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਭ ਘਟਨਾਕ੍ਰਮ ਪੰਜਾਬ ਦੀ ਆਉਣ ਵਾਲੀ ਸਿਆਸਤ ਲਈ ਵੱਡੀ ਰਣਨੀਤੀ ਦੀ ਤਿਆਰੀ ਵੱਲ ਇਸ਼ਾਰਾ ਕਰਦਾ ਹੈ। ਹਾਲਾਂਕਿ ਅਕਾਲੀ ਦਲ, ਭਾਜਪਾ ਜਾਂ ਡੇਰਾ ਬਿਆਸ ਵੱਲੋਂ ਕਿਸੇ ਸੰਭਾਵਿਤ ਗੱਠਜੋੜ ਬਾਰੇ ਅਜੇ ਤੱਕ ਕੋਈ ਖੁੱਲ੍ਹਾ ਐਲਾਨ ਨਹੀਂ ਕੀਤਾ ਗਿਆ ਪਰ ਇੱਕੋ ਦਿਨ, ਇੱਕੋ ਮੰਚ ਅਤੇ ਫਿਰ ਅਲੱਗ-ਅਲੱਗ ਮੁਲਾਕਾਤਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੀ ਸਿਆਸਤ ’ਚ ਪਰਦੇ ਪਿੱਛੇ ਕਾਫ਼ੀ ਕੁਝ ਚੱਲ ਰਿਹਾ ਹੈ।