ਫਿਰੋਜ਼ਪੁਰ ਰੇਲ ਮੰਡਲ ਵੱਲੋਂ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਫਿਰੋਜ਼ਪੁਰ ਰੇਲ ਮੰਡਲ ਵੱਲੋਂ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ
Publish Date: Thu, 29 Jan 2026 03:38 PM (IST)
Updated Date: Fri, 30 Jan 2026 04:01 AM (IST)
-ਰੇਲਵੇ ਰਾਹੀਂ ਮਾਲ ਢੋਆ-ਢੁਆਈ ਵਧਾਉਣ ’ਤੇ ਹੋਈ ਚਰਚਾ
-ਰੇਲਵੇ ਦੀਆਂ ਮੌਜੂਦਾ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਪ੍ਰਧਾਨਗੀ ’ਚ ਫਿਰੋਜ਼ਪੁਰ ਮੰਡਲ ਦੀ ਬਿਜ਼ਨੈੱਸ ਡਿਵੈਲਪਮੈਂਟ ਯੂਨਿਟ ਵੱਲੋਂ ਵੱਖ-ਵੱਖ ਮਾਲ ਗਾਹਕਾਂ ਅਤੇ ਵਪਾਰਕ ਪ੍ਰਤੀਨਿਧੀਆਂ ਨਾਲ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਰੇਲਵੇ ਰਾਹੀਂ ਮਾਲ ਦੀ ਆਵਾਜਾਈ (ਟਰੈਫਿਕ) ਨੂੰ ਵਧਾਉਣਾ ਅਤੇ ਨਵੇਂ ਵਪਾਰਕ ਮੌਕੇ ਪੈਦਾ ਕਰਨਾ ਸੀ। ਮੀਟਿੰਗ ਵਿਚ ਸ਼ਾਮਲ ਕਈ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਸੀ. ਡਬਲਯੂ. ਸੀ. ਚੰਡੀਗੜ੍ਹ, ਰਿਲਾਇੰਸ ਫਾਰਵਰਡਜ਼ ਲਿਮਟਿਡ, ਐੱਮ.ਜੀ.ਟੀ. ਕਾਰਗੋ ਲਿਮਟਿਡ, ਗੌਰਵ ਇੰਟਰਪ੍ਰਾਈਜ਼ਿਜ਼, ਅਮਿਤ ਕਾਰਗੋ ਅਤੇ ਅਮਿਤ ਰੇਲ ਕਾਰਗੋ, ਸਿਟੀ ਲਿੰਕ ਕਾਰਗੋ, ਏ.ਵੀ.ਜੀ. ਲੌਜਿਸਟਿਕਸ, ਚਿੱਤਰਕੂਟ ਐਕਸਪ੍ਰੈਸ, ਗੁਰੂਕ੍ਰਿਪਾ ਲੌਜਿਸਟਿਕਸ, ਆਰ.ਬੀ. ਫਰੇਟ ਫਾਰਵਰਡਰਜ਼ ਅਤੇ ਵੇਦ ਇੰਟਰਪ੍ਰਾਈਜ਼ਿਜ਼ ਸ਼ਾਮਲ ਸਨ। ਮੀਟਿੰਗ ਦੌਰਾਨ ਵਪਾਰੀਆਂ ਨੂੰ ਜਾਣੂ ਕਰਵਾਇਆ ਗਿਆ ਕਿ ਰੇਲਵੇ ਵੱਲੋਂ ਮਾਲ ਦੀ ਢੋਆ-ਢੁਆਈ ਨੂੰ ਵਧੇਰੇ ਸੌਖਾ, ਤੇਜ਼ ਅਤੇ ਸੁਵਿਧਾਜਨਕ ਬਣਾਉਣ ਲਈ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਰੇਲਵੇ ਦੀਆਂ ਮੌਜ਼ੂਦਾ ਨੀਤੀਆਂ ਅਤੇ ਸਕੀਮਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਦੂਜੇ ਪਾਸੇ ਵਪਾਰਕ ਪ੍ਰਤੀਨਿਧੀਆਂ ਨੇ ਰੇਲਵੇ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਗਾਹਕ-ਪੱਖੀ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਦਿੱਤੇ। ਮੰਡਲ ਰੇਲ ਪ੍ਰਬੰਧਕ ਨੇ ਵਿਸ਼ਵਾਸ ਦਿਵਾਇਆ ਕਿ ਰੇਲਵੇ ਪ੍ਰਸ਼ਾਸਨ ਵਪਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਵੇਗਾ। ਇਸ ਮੀਟਿੰਗ ਵਿਚ ਨਿਤਿਨ ਗਰਗ ਵਧੀਕ ਮੰਡਲ ਰੇਲ ਪ੍ਰਬੰਧਕ, ਮਨੂ ਗਰਗ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ, ਭੁਪਿੰਦਰ ਸਿੰਘ ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ, ਰਾਹੁਲ ਦੇਵ ਸੀਨੀਅਰ ਮੰਡਲ ਵਿੱਤ ਪ੍ਰਬੰਧਕ, ਗੁਰਸ਼ਰਨ ਪਾਠਕ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਅਤੇ ਹੋਰ ਰੇਲਵੇ ਅਧਿਕਾਰੀ ਤੇ ਸੁਪਰਵਾਈਜ਼ਰ ਸ਼ਾਮਲ ਸਨ।