ਫਿਰੋਜ਼ਪੁਰ ਰੇਲ ਮੰਡਲ ਨੇ ਟਿਕਟ ਚੈਕਿੰਗ ਰਾਹੀਂ ਇਕ ਮਹੀਨੇ 'ਚ ਕਮਾਏ 3.75 ਕਰੋੜ ਰੁਪਏ, ਪਿਛਲੇ ਸਾਲ ਦੇ ਮੁਕਾਬਲੇ ਮਾਲੀਏ 'ਚ 14 ਫੀਸਦੀ ਵਾਧਾ
ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਸਤੇ ਅਤੇ ਮੁੱਖ ਟਿਕਟ ਨਿਰੀਖਕਾਂ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਵੱਖ-ਵੱਖ ਟਰੇਨਾਂ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕੁੱਲ 51,839 ਯਾਤਰੀ ਬਿਨ੍ਹਾ ਟਿਕਟ ਜਾਂ ਅਨਿਯਮਿਤ ਤੌਰ ’ਤੇ ਸਫ਼ਰ ਕਰਦੇ ਹੋਏ ਫੜੇ ਗਏ।
Publish Date: Tue, 05 May 2026 10:32 AM (IST)
Updated Date: Tue, 05 May 2026 10:35 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਰੇਲ ਮੰਡਲ ਵੱਲੋਂ ਟਰੇਨਾਂ ਵਿੱਚ ਬਿਨ੍ਹਾ ਟਿਕਟ ਅਤੇ ਅਣਅਧਿਕਾਰਤ ਤੌਰ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਅਪ੍ਰੈਲ 2026 ਦੇ ਮਹੀਨੇ ਦੌਰਾਨ ਕੀਤੀ ਗਈ ਸਖ਼ਤ ਚੈਕਿੰਗ ਸਦਕਾ ਰੇਲਵੇ ਨੇ 3.75 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਅਚਨਚੇਤ ਨਿਰੀਖਣ ਅਤੇ ਨਿਰੰਤਰ ਚੈਕਿੰਗ ਦਾ ਉਦੇਸ਼ ਯਾਤਰੀਆਂ ਨੂੰ ਨਿਯਮਾਂ ਅਨੁਸਾਰ ਸਫ਼ਰ ਕਰਨ ਲਈ ਪ੍ਰੇਰਿਤ ਕਰਨਾ ਅਤੇ ਰੇਲਵੇ ਦੇ ਮਾਲੀਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਹੈ। ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਸਤੇ ਅਤੇ ਮੁੱਖ ਟਿਕਟ ਨਿਰੀਖਕਾਂ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਵੱਖ-ਵੱਖ ਟਰੇਨਾਂ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕੁੱਲ 51,839 ਯਾਤਰੀ ਬਿਨ੍ਹਾ ਟਿਕਟ ਜਾਂ ਅਨਿਯਮਿਤ ਤੌਰ ’ਤੇ ਸਫ਼ਰ ਕਰਦੇ ਹੋਏ ਫੜੇ ਗਏ। ਇਨ੍ਹਾਂ ਯਾਤਰੀਆਂ ਕੋਲੋਂ ਜੁਰਮਾਨੇ ਵਜੋਂ ਲਗਭਗ 3.75 ਕਰੋੜ ਰੁਪਏ ਵਸੂਲੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਫਿਰੋਜ਼ਪੁਰ ਮੰਡਲ ਦੁਆਰਾ ਇਕੱਠਾ ਕੀਤਾ ਗਿਆ ਇਹ ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14 ਫੀਸਦੀ ਵੱਧ ਹੈ। ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਲੋਕਾਂ ਨੂੰ ਗੰਦਗੀ ਫੈਲਾਉਣ ਤੋਂ ਵਰਜਣ ਲਈ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਰਿਹਾ। ਰੇਲਵੇ ਸਟੇਸ਼ਨਾਂ ’ਤੇ ਸਫ਼ਾਈ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਨਿਯਮਤ ਜਾਂਚ ਕੀਤੀ ਗਈ। ‘ਐਂਟੀ ਲਿਟਰਿੰਗ ਐਕਟ’ ਤਹਿਤ ਅਪ੍ਰੈਲ ਮਹੀਨੇ ਵਿਚ 388 ਯਾਤਰੀਆਂ ਨੂੰ ਸਟੇਸ਼ਨ ਪਰਿਸਰ ਵਿਚ ਗੰਦਗੀ ਫੈਲਾਉਣ ਦਾ ਦੋਸ਼ੀ ਪਾਇਆ ਗਿਆ, ਜਿਨ੍ਹਾਂ ਕੋਲੋਂ 58 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਦੀ ਇਹ ਮੁਹਿੰਮ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਮਨੋਰਥ ਰੇਲਵੇ ਟਿਕਟਾਂ ਦੀ ਵਿਕਰੀ ਵਿਚ ਸੁਧਾਰ ਕਰਨਾ ਅਤੇ ਬਿਨ੍ਹਾ ਟਿਕਟ ਸਫ਼ਰ ਕਰਨ ਦੀ ਪ੍ਰਵਿਰਤੀ ਨੂੰ ਨੱਥ ਪਾਉਣਾ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਸਫ਼ਰ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਜੁਰਮਾਨੇ ਦਾ ਸਾਹਮਣਾ ਨਾ ਕਰਨਾ ਪਵੇ।