ਫਿਰੋਜ਼ਪੁਰ ਮੰਡਲ ਹਸਪਤਾਲ ’ਚ ਕੈਂਸਰ ਸਬੰਧੀ ਕੀਤਾ ਜਾਗਰੂਕਤਾ
ਫਿਰੋਜ਼ਪੁਰ ਮੰਡਲ ਵੱਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ
Publish Date: Wed, 04 Feb 2026 06:05 PM (IST)
Updated Date: Wed, 04 Feb 2026 06:08 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵੱਲੋਂ ‘ਵਿਸ਼ਵ ਕੈਂਸਰ ਦਿਵਸ’ ਦੇ ਮੌਕੇ ’ਤੇ ਅੱਜ ਮੰਡਲ ਹਸਪਤਾਲ, ਫਿਰੋਜ਼ਪੁਰ ਵਿਖੇ ਮੁੱਖ ਚਿਕਿਤਸਾ ਅਧੀਖਿਅਕ ਡਾ. ਰੰਜਨਾ ਸਹਿਗਲ ਦੇ ਮਾਰਗ ਦਰਸ਼ਨ ਹੇਠ ਛਾਤੀ ਅਤੇ ਸਰਵਾਈਕਲ (ਬੱਚੇਦਾਨੀ) ਕੈਂਸਰ ਵਿਸ਼ੇ ’ਤੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੇ ਤਹਿਤ ਔਰਤਾਂ ਨੂੰ ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਨਾਲ ਸਬੰਧਤ ਸਵੈ-ਨਿਰੀਖਣ ਪ੍ਰਕਿਰਿਆ, ਸ਼ੁਰੂਆਤੀ ਲੱਛਣਾਂ ਦੀ ਪਛਾਣ ਅਤੇ ਜ਼ਰੂਰੀ ਟੈਸਟਾਂ ਬਾਰੇ ਸਲਾਹ ਦਿੱਤੀ ਗਈ। ਇਸ ਮੌਕੇ ਡਾ. ਦਿਨੇਸ਼ ਪਾਠਕ ਅਤੇ ਡਾ. ਸੋਨਮ ਨੇ ਛਾਤੀ ਅਤੇ ਸਰਵਾਈਕਲ ਕੈਂਸਰ, ਉਨ੍ਹਾਂ ਦੇ ਕਾਰਨਾਂ, ਬਚਾਅ ਦੇ ਤਰੀਕਿਆਂ ਅਤੇ ਸਮੇਂ ਸਿਰ ਜਾਂਚ ਤੇ ਇਲਾਜ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਤੋਂ ਇਲਾਵਾ ਸਿਵਲ ਹਸਪਤਾਲ, ਫਿਰੋਜ਼ਪੁਰ ਤੋਂ ਆਈ ਡਾਕਟਰਾਂ ਦੀ ਟੀਮ ਨੇ ਵੀ ਸਲਾਹ ਦਿੰਦੇ ਹੋਏ ਕੈਂਸਰ ਦੀ ਜਲਦੀ ਪਛਾਣ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਜਾਗਰੂਕਤਾ ਪ੍ਰੋਗਰਾਮ ਵਿਚ 60 ਤੋਂ ਵੱਧ ਰੇਲ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਹਾਜ਼ਰ ਡਾਕਟਰਾਂ ਨੇ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਂਦੇ ਹੋਏ ਪਰਿਵਾਰਕ ਇਤਿਹਾਸ, ਹਾਰਮੋਨਲ ਪ੍ਰਭਾਵ ਅਤੇ ਜੀਵਨ ਸ਼ੈਲੀ ਨਾਲ ਜੁੜੇ ਕਾਰਕਾਂ ਦੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਿਯਮਤ ਸਵੈ-ਜਾਂਚ, ਮੈਮੋਗ੍ਰਾਫੀ ਅਤੇ ਸਾਲਾਨਾ ਸਕ੍ਰੀਨਿੰਗ ਰਾਹੀਂ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਬੱਚੇਦਾਨੀ ਦੇ ਕੈਂਸਰ ਦੇ ਸਬੰਧ ਵਿਚ ਡਾਕਟਰਾਂ ਨੇ ਦੱਸਿਆ ਕਿ ‘ਹਿਊਮਨ ਪੈਪਿਲੋਮਾ ਵਾਇਰਸ’ ਇਸ ਦਾ ਮੁੱਖ ਕਾਰਨ ਹੈ, ਜਿਸ ਦੇ ਮੁੱਖ ਲੱਛਣਾਂ ਵਿਚ ਅਸਧਾਰਨ ਖੂਨ ਵਹਿਣਾ ਅਤੇ ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 9 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ 0-6 ਮਹੀਨਿਆਂ ਦੇ ਅੰਤਰਾਲ ’ਤੇ ਦੋ ਖੁਰਾਕਾਂ (ਡੋਜ਼) ਅਤੇ 15 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 0-2-6 ਮਹੀਨਿਆਂ ਦੇ ਅੰਤਰਾਲ ’ਤੇ 6 ਮਹੀਨਿਆਂ ਦੇ ਅੰਦਰ ਤਿੰਨ ਖੁਰਾਕਾਂ ਐੱਚਪੀਵੀ ਵੈਕਸੀਨ ਲਗਵਾਉਣ ਨਾਲ ਬੱਚੇਦਾਨੀ ਦੇ ਕੈਂਸਰ ਨੂੰ ਲਗਭਗ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।