‘ਫਿਰੋਜ਼ਪੁਰ ਗਲੋਬਲ ਕਰੀਅਰ ਫੇਅਰ-2025’ ਲਗਾਇਆ
ਫਿਰੋਜ਼ਪੁਰ ਗਲੋਬਲ ਕਰੀਅਰ ਫੇਅਰ 2025
Publish Date: Fri, 28 Nov 2025 05:21 PM (IST)
Updated Date: Fri, 28 Nov 2025 05:23 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖੀ ਕਰੀਅਰ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ, ਡੀਸੀਐੱਮ ਗਰੁੱਪ ਆਫ਼ ਸਕੂਲਜ਼ ਵੱਲੋਂ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਚ ‘ਫ਼ਿਰੋਜ਼ਪੁਰ ਗਲੋਬਲ ਕਰੀਅਰ ਫੇਅਰ 2025’ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿਚ ਦੇਸ਼-ਵਿਦੇਸ਼ ਦੀਆਂ ਡੇਢ ਦਰਜਨ ਤੋਂ ਵੱਧ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਸਕੂਲਾਂ ਤੋਂ ਆਏ 2500 ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਡੈਲੀਗੇਟਾਂ ਨੇ ਬੱਚਿਆਂ ਨੂੰ ਆਪਣੇ ਅਦਾਰਿਆਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ, ਕੋਰਸਾਂ, ਡਿਗਰੀਆਂ, ਡਿਪਲੋਮਿਆਂ ਅਤੇ ਸਕਾਲਰਸ਼ਿਪਾਂ ਬਾਰੇ ਜਾਣਕਾਰੀ ਦਿੱਤੀ। ਇੱਕੋ ਥਾਂ ’ਤੇ ਇੰਨੀਆਂ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਫ਼ਾਇਦਾ ਹਜ਼ਾਰਾਂ ਵਿਦਿਆਰਥੀਆਂ ਨੇ ਚੁੱਕਿਆ, ਜਿਸ ਨਾਲ ਉਨ੍ਹਾਂ ਦੀਆਂ ਕਰੀਅਰ ਸਬੰਧੀ ਸ਼ੰਕਾਵਾਂ ਦਾ ਨਿਵਾਰਨ ਹੋਇਆ। ਗਲੋਬਲ ਕਰੀਅਰ ਫੇਅਰ ਦਾ ਉਦਘਾਟਨ ਬ੍ਰਿਗੇਡੀਅਰ ਰਾਹੁਲ ਯਾਦਵ, ਬ੍ਰਿਗੇਡੀਅਰ ਪਿਊਸ਼ ਤ੍ਰਿਵੇਦੀ ਅਤੇ ਕੈਂਟੋਨਮੈਂਟ ਬੋਰਡ ਦੇ ਸੀਈਓ ਜੋਹਨ ਵਿਕਾਸ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਗਰੁੱਪ ਦੀ ਸੀਨੀਅਰ ਡਾਇਰੈਕਟਰ ਅਕਾਦਮਿਕਸ, ਡਾ. ਰਾਗਿਨੀ ਗੁਪਤਾ ਨੇ ਕੀਤੀ। ਮੁੱਖ ਮਹਿਮਾਨਾਂ ਨੇ ਜੋਤ ਜਗਾ ਕੇ ਅਤੇ ਗੁਬਾਰੇ ਛੱਡ ਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਫੇਅਰ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ। ਡਾ. ਰਾਗਿਨੀ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲ ਲਾਈਫ਼ ਤੋਂ ਬਾਅਦ ਵਿਦਿਆਰਥੀ ਕਿਹੜੇ ਕੋਰਸ ਕਰਕੇ ਆਪਣੇ ਕਰੀਅਰ ਨੂੰ ਸੈੱਟ ਕਰ ਸਕਦੇ ਹਨ, ਇਸ ਬਾਰੇ ਜਾਣਕਾਰੀ ਲਈ ਅਜਿਹੇ ਕਰੀਅਰ ਫੇਅਰ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਰੂਚੀ ਪਾਂਡੇ ਨੇ ਸਾਰੇ ਮਹਿਮਾਨਾਂ, ਮਾਪਿਆਂ ਅਤੇ ਡੈਲੀਗੇਟਾਂ ਦਾ ਸਵਾਗਤ ਕੀਤਾ। ਅਸਿਸਟੈਂਟ ਡਾਇਰੈਕਟਰ ਸੀਨੀਅਰ ਸੈਕੰਡਰੀ, ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਇਸ ਫੇਅਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਹੀ ਜ਼ਿਲ੍ਹੇ ਵਿੱਚ ਉਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਅਤੇ ਵਿਸ਼ਿਆਂ ਬਾਰੇ ਜਾਣਕਾਰੀ ਦੇਣਾ ਹੈ, ਤਾਂ ਜੋ ਉਹ ਆਪਣੀ ਰੁਚੀ ਅਨੁਸਾਰ ਫੀਲਡ ਚੁਣ ਕੇ ਭਵਿੱਖ ਉੱਜਵਲ ਕਰ ਸਕਣ। ਗੁਰਨੂਰ ਕੌਰ, ਵਿਨੈ ਪ੍ਰਤਾਪ ਸਿੰਘ ਢਿੱਲੋਂ, ਅਦਿਤੀ ਅਗਰਵਾਲ, ਮੇਹਾ, ਗੁਰਲੀਨ ਕੌਰ ਅਤੇ ਹੋਰ ਵਿਦਿਆਰਥੀਆਂ ਨੇ ਇਸ ਮੌਕੇ ਦਾ ਭਰਪੂਰ ਲਾਭ ਉਠਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ 12ਵੀਂ ਤੋਂ ਬਾਅਦ ਵੱਖ-ਵੱਖ ਯੂਨੀਵਰਸਿਟੀਆਂ ਵਿਚ ਜਾ ਕੇ ਜਾਣਕਾਰੀ ਲੈਣੀ ਪੈਂਦੀ ਸੀ। ਇਸ ਫੇਅਰ ਨਾਲ ਉਨ੍ਹਾਂ ਨੂੰ ਨਵੇਂ ਸ਼ੁਰੂ ਹੋਏ ਕੋਰਸਾਂ ਬਾਰੇ ਵੀ ਜਾਣਕਾਰੀ ਮਿਲੀ, ਜਿਨ੍ਹਾਂ ਦੀ ਭਵਿੱਖ ਵਿੱਚ ਮੰਗ ਹੋਵੇਗੀ, ਅਤੇ ਇਸ ਨੇ ਉਨ੍ਹਾਂ ਲਈ ਬਹੁਤ ਲਾਭਦਾਇਕ ਸਾਬਤ ਕੀਤਾ ਹੈ। ਮੇਲੇ ਦੌਰਾਨ ਸੀਟੀ ਯੂਨੀਵਰਸਿਟੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸਿਕਿਓਰਿਟੀ ’ਤੇ, ਚਿਤਕਾਰਾ ਯੂਨੀਵਰਸਿਟੀ ਵੱਲੋਂ ਸਾਇੰਟੀਫਿਕ ਰਿਸਰਚ ਵਿਚ ਏਆਈ ਦੀ ਭੂਮਿਕਾ ’ਤੇ, ਅਤੇ ਜੀਐੱਨਏ ਵੱਲੋਂ ਮਾਡਰਨ ਇੰਡਸਟਰੀ ਦੇ ਰੁਝਾਨਾਂ ’ਤੇ ਸੈਮੀਨਾਰ ਕੀਤੇ ਗਏ।