ਇੱਥੇ ਕਣਕ ਅਤੇ ਝੋਨੇ ਦੀ ਪੈਦਾਵਾਰ ਇੰਨੀ ਵਿਸ਼ਾਲ ਪੱਧਰ ’ਤੇ ਹੁੰਦੀ ਹੈ ਕਿ ਇਹ ਨਾ ਸਿਰਫ਼ ਸੂਬੇ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਸਗੋਂ ਪੂਰੇ ਦੇਸ਼ ਦੀ ਖੁਰਾਕੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਂਦੀ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਭਾਰਤ ਦਾ ਮੋਹਰੀ ਅਨਾਜ ਉਤਪਾਦਕ ਸੂਬਾ ਹੈ, ਜਿਸ ਨੂੰ ਆਪਣੀ ਉਪਜਾਊ ਸ਼ਕਤੀ ਕਾਰਨ ਦੇਸ਼ ਦਾ ‘ਅੰਨ ਭੰਡਾਰ’ ਹੋਣ ਦਾ ਮਾਣ ਹਾਸਲ ਹੈ। ਇੱਥੇ ਕਣਕ ਅਤੇ ਝੋਨੇ ਦੀ ਪੈਦਾਵਾਰ ਇੰਨੀ ਵਿਸ਼ਾਲ ਪੱਧਰ ’ਤੇ ਹੁੰਦੀ ਹੈ ਕਿ ਇਹ ਨਾ ਸਿਰਫ਼ ਸੂਬੇ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਸਗੋਂ ਪੂਰੇ ਦੇਸ਼ ਦੀ ਖੁਰਾਕੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਂਦੀ ਹੈ। ਇਸ ਅਨਾਜ ਨੂੰ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਪਹੁੰਚਾਉਣ ਵਿਚ ਭਾਰਤੀ ਰੇਲਵੇ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਖਾਸ ਤੌਰ ’ਤੇ ਫਿਰੋਜ਼ਪੁਰ ਮੰਡਲ ਰਾਹੀਂ ਮਾਲ ਗੱਡੀਆਂ ਦੀ ਵਰਤੋਂ ਕਰਕੇ ਅਨਾਜ ਦੀ ਢੋਆ-ਢੁਆਈ ਬਹੁਤ ਹੀ ਸੁਰੱਖਿਅਤ, ਤੇਜ਼ ਅਤੇ ਸੁਚੱਜੇ ਤਰੀਕੇ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਸਮੇਂ ਅਤੇ ਲਾਗਤ ਦੋਵਾਂ ਦੀ ਬੱਚਤ ਹੁੰਦੀ ਹੈ।
ਫਿਰੋਜ਼ਪੁਰ ਰੇਲਵੇ ਮੰਡਲ ਨੇ ਦੇਸ਼ ਦੀ ਖੁਰਾਕੀ ਸਪਲਾਈ ਚੇਨ ਨੂੰ ਮਜ਼ਬੂਤ ਕਰਦੇ ਹੋਏ ਇਕ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਅਪ੍ਰੈਲ 2026 ਦੇ ਮਹੀਨੇ ਦੌਰਾਨ ਮੰਡਲ ਦੇ ਅਧੀਨ ਆਉਂਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਜਿਵੇਂ ਕਿ ਫਗਵਾੜਾ, ਮੋਗਾ, ਜਗਰਾਓਂ ਅਤੇ ਬੰਗਾ ਤੋਂ ਭਾਰਤੀ ਖੁਰਾਕ ਨਿਗਮ ਰਾਹੀਂ ਜੰਮੂ-ਕਸ਼ਮੀਰ ਦੇ ਅਨੰਤਨਾਗ ਲਈ ਚੌਲਾਂ ਦੀ ਵੱਡੀ ਖੇਪ ਭੇਜੀ ਗਈ ਹੈ। ਇਸ ਮਹੀਨੇ ਦੌਰਾਨ ਚੌਲਾਂ ਦੇ ਕੁੱਲ 6 ਰੇਕ ਰਵਾਨਾ ਕੀਤੇ ਗਏ, ਜਿਸ ਨਾਲ ਰੇਲਵੇ ਵਿਭਾਗ ਨੂੰ ਲਗਭਗ 1.39 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਕਸ਼ਮੀਰ ਘਾਟੀ ਦੀ ਭੂਗੋਲਿਕ ਸਥਿਤੀ ਪਹਾੜੀ ਹੋਣ ਕਾਰਨ ਉੱਥੇ ਖੇਤੀਯੋਗ ਜ਼ਮੀਨ ਕਾਫ਼ੀ ਸੀਮਤ ਹੈ। ਅਜਿਹੀ ਸਥਿਤੀ ਵਿਚ ਉੱਥੋਂ ਦੇ ਸਥਾਨਕ ਉਤਪਾਦਨ ਨਾਲ ਪੂਰੇ ਸਾਲ ਦੀ ਖੁਰਾਕੀ ਲੋੜ ਪੂਰੀ ਕਰਨਾ ਅਸੰਭਵ ਹੁੰਦਾ ਹੈ। ਫਿਰੋਜ਼ਪੁਰ ਮੰਡਲ ਵੱਲੋਂ ਕੀਤੀ ਗਈ ਇਸ ਸਪਲਾਈ ਨੇ ਕਸ਼ਮੀਰ ਦੇ ਲੋਕਾਂ ਨੂੰ ਨਿਯਮਤ ਅਤੇ ਲੋੜੀਂਦੀ ਮਾਤਰਾ ਵਿਚ ਅਨਾਜ ਉਪਲਬੱਧ ਕਰਵਾਉਣ ਵਿਚ ਵੱਡੀ ਮੱਦਦ ਕੀਤੀ ਹੈ। ਰੇਲਵੇ ਰਾਹੀਂ ਕੀਤੀ ਜਾਂਦੀ ਇਹ ਢੋਆ-ਢੁਆਈ ਸੜਕੀ ਮਾਰਗ ਦੇ ਮੁਕਾਬਲੇ ਕਾਫ਼ੀ ਸਸਤੀ ਅਤੇ ਸੁਰੱਖਿਅਤ ਪੈਂਦੀ ਹੈ, ਜਿਸ ਕਾਰਨ ਆਮ ਜਨਤਾ ਨੂੰ ਵੀ ਵਾਜਬ ਦਰਾਂ ’ਤੇ ਅਨਾਜ ਮੁਹੱਈਆ ਹੁੰਦਾ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਨਾਜ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰੇਲਵੇ ਦੇ ਇਸ ਯਤਨ ਸਦਕਾ ਜਿੱਥੇ ਪੰਜਾਬ ਦੇ ਕਿਸਾਨਾਂ ਦੀ ਉਪਜ ਸਹੀ ਥਾਂ ’ਤੇ ਪਹੁੰਚ ਰਹੀ ਹੈ, ਉੱਥੇ ਹੀ ਦੂਰ-ਦੁਰਾਡੇ ਦੇ ਖੇਤਰਾਂ ਵਿਚ ਭੋਜਨ ਦੀ ਕਮੀ ਨੂੰ ਦੂਰ ਕੀਤਾ ਜਾ ਰਿਹਾ ਹੈ। ਰੇਲਵੇ ਪ੍ਰਸ਼ਾਸਨ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਤਿਆਰ ਹੈ ਤਾਂ ਜੋ ਦੇਸ਼ ਦੀ ਅਰਥਵਿਵਸਥਾ ਅਤੇ ਖੁਰਾਕੀ ਸੁਰੱਖਿਆ ਵਿਚ ਸਹਿਯੋਗ ਦਿੱਤਾ ਜਾ ਸਕੇ।