ਫਾਜ਼ਿਲਕਾ ਦੇ ਨੌਜਵਾਨ ਨੇ ਜਿੱਤਿਆ 50 ਲੱਖ ਦਾ ਇਨਾਮ
ਫਾਜ਼ਿਲਕਾ ਦੇ ਨੌਜਵਾਨ ਨੇ ਜਿੱਤਿਆ 50 ਲੱਖ ਦਾ ਇਨਾਮ
Publish Date: Sun, 18 Jan 2026 05:47 PM (IST)
Updated Date: Sun, 18 Jan 2026 05:49 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਆਹਲ ਬੋਦਲਾ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਗਗਨਦੀਪ ਸਿੰਘ ਨੇ ਪੰਜਾਬ ਸਟੇਟ ਲੋਹੜੀ ਬੰਪਰ ਲਾਟਰੀ ਵਿੱਚ ਟਿਕਟ ਨੰਬਰ ਏ 737470 ਤੇ 50 ਲੱਖ ਰੁਪਏ ਦਾ ਤੀਜਾ ਵੱਡਾ ਇਨਾਮ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਗਗਨਦੀਪ ਨੇ ਇਹ ਟਿਕਟ ਆਪਣੇ ਪਰਿਵਾਰ ਤੋਂ ਚੋਰੀ ਖਰੀਦੀ ਸੀ। ਗਗਨਦੀਪ ਪਿਛਲੇ ਲੰਬੇ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ, ਪਰ ਕਦੇ ਕੋਈ ਇਨਾਮ ਨਹੀਂ ਨਿਕਲਿਆ ਸੀ। ਇਸ ਕਾਰਨ ਉਸ ਦਾ ਪਰਿਵਾਰ ਅਕਸਰ ਉਸ ਨਾਲ ਨਾਰਾਜ਼ ਰਹਿੰਦਾ ਸੀ ਅਤੇ ਪੈਸੇ ਬਰਬਾਦ ਨਾ ਕਰਨ ਦੀ ਸਲਾਹ ਦਿੰਦਾ ਸੀ। ਇਸ ਵਾਰ ਜਦੋਂ ਲੋਹੜੀ ਬੰਪਰ ਆਇਆ, ਤਾਂ ਗਗਨਦੀਪ ਦੇ ਪਿਤਾ ਓਮ ਪ੍ਰਕਾਸ਼ ਨੇ ਖੁਦ ਇੱਕ ਟਿਕਟ ਖਰੀਦੀ ਅਤੇ ਗਗਨਦੀਪ ਨੂੰ ਸਖਤੀ ਨਾਲ ਮਨ੍ਹਾ ਕਰ ਦਿੱਤਾ ਕਿ ਉਹ ਟਿਕਟ ਨਾ ਖਰੀਦੇ। ਇਸ ਦੇ ਬਾਵਜੂਦ, ਗਗਨਦੀਪ ਪੇਪਰ ਦੇਣ ਦੇ ਬਹਾਨੇ ਘਰੋਂ ਨਿਕਲਿਆ ਅਤੇ ਫਾਜ਼ਿਲਕਾ ਵਿੱਚ ਰੂਪ ਚੰਦ ਲਾਟਰੀ ਦੀ ਦੁਕਾਨ ਤੋਂ ਚੋਰੀ-ਛਿਪੇ ਟਿਕਟ ਖਰੀਦ ਲਈ। ਜਦੋਂ ਨਤੀਜੇ ਆਏ ਅਤੇ ਗਗਨਦੀਪ ਦਾ 50 ਲੱਖ ਦਾ ਇਨਾਮ ਨਿਕਲਿਆ, ਤਾਂ ਰੂਪ ਚੰਦ ਲਾਟਰੀ ਦੇ ਸੰਚਾਲਕ ਬੌਬੀ ਖੁਦ ਗਗਨਦੀਪ ਦੇ ਘਰ ਮਿਠਾਈ ਲੈ ਕੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨੂੰ ਇਸ ਵੱਡੀ ਜਿੱਤ ਦੀ ਜਾਣਕਾਰੀ ਦਿੱਤੀ। ਗਗਨਦੀਪ ਦੀ ਮਾਂ ਰਣਜੀਤ ਕੌਰ ਨੇ ਦੱਸਿਆ ਕਿ ਜਦੋਂ ਰਾਤ ਨੂੰ ਗਗਨਦੀਪ ਨੇ ਦੱਸਿਆ ਕਿ ਉਸ ਦੀ ਲਾਟਰੀ ਨਿਕਲੀ ਹੈ, ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਲੱਗਿਆ ਕਿ ਉਹ ਝੂਠ ਬੋਲ ਰਿਹਾ ਹੈ, ਪਰ ਸਵੇਰੇ ਫੋਨ ਆਉਣ ਤੇ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਗਗਨਦੀਪ ਦੇ ਪਿਤਾ ਓਮ ਪ੍ਰਕਾਸ਼, ਜੋ ਕਚਹਿਰੀ ਵਿੱਚ ਅਰਜ਼ੀ-ਨਵੀਸ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਉਹ ਖੁਦ ਵੀ ਕਈ ਵਾਰ ਕਿਸਮਤ ਅਜ਼ਮਾ ਚੁੱਕੇ ਸਨ ਅਤੇ ਬੇਟੇ ਨੂੰ ਮਨ੍ਹਾ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਬੇਟੇ ਦੇ ਕਰਮਾਂ ਨੇ ਉਨ੍ਹਾਂ ਨੂੰ ਬਾਦਸ਼ਾਹ ਬਣਾ ਦਿੱਤਾ ਹੈ। ਲਾਟਰੀ ਸੰਚਾਲਕ ਬੌਬੀ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਓਮ ਪ੍ਰਕਾਸ਼ ਜੀ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਸਨ, ਅੱਜ ਪ੍ਰਮਾਤਮਾ ਨੇ ਉਨ੍ਹਾਂ ਦੇ ਨਾਮ ਅੱਧੇ ਕਰੋੜ ਦੇ ਕਿੱਲੇ (ਜ਼ਮੀਨ) ਦੀ ਰਜਿਸਟਰੀ ਕਰ ਦਿੱਤੀ ਹੈ। ਜੇਤੂ ਗਗਨਦੀਪ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਰਾਸ਼ੀ ਦੀ ਵਰਤੋਂ ਆਪਣੇ ਭਵਿੱਖ ਅਤੇ ਪਰਿਵਾਰ ਦੀ ਭਲਾਈ ਲਈ ਕਰੇਗਾ। ਪਿੰਡ ਆਹਲ ਬੋਦਲਾ ਦੇ ਨਿਵਾਸੀ ਅਤੇ ਰਿਸ਼ਤੇਦਾਰ ਵੀ ਇਸ ਵੱਡੀ ਜਿੱਤ ਤੇ ਪਰਿਵਾਰ ਨੂੰ ਵਧਾਈ ਦੇਣ ਪਹੁੰਚ ਰਹੇ ਹਨ।