ਫਾਜ਼ਿਲਕਾ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ , ਰਿਮਾਂਡ 'ਤੇ ਲੈ ਕੇ ਪੁੱਛਗਿੱਛ ਜਾਰੀ
ਕਾਬੂ ਕੀਤੇ ਤਿੰਨਾਂ ਦੋਸ਼ੀਆਂ ਦੀ ਪਹਿਚਾਣ ਗਣੇਸ਼ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ, ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਜੋਧਾ ਭੈਣੀ ਹਾਲ ਬਸਤੀ ਕੇਰਾਂ ਵਾਲੀ, ਅਰੁਣਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ ਦੇ ਰੂਪ ਵਿੱਚ ਹੋਈ ਹੈ।
Publish Date: Fri, 05 Dec 2025 05:18 PM (IST)
Updated Date: Fri, 05 Dec 2025 05:22 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਨੇ ਬੀ.ਐਸ.ਐਫ ਨਾਲ ਸਾਂਝੇ ਓਪਰੇਸ਼ਨ ਦੌਰਾਨ ਪੁਲਿਸ ਨੇ 1 ਕਿਲੋ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ।ਜਾਣਕਾਰੀ ਦਿੰਦੇ ਹੋਏ ਡੀਐਸਪੀਡੀ ਦੀਪ ਇੰਦਰਪਾਲ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਨਸ਼ਿਆਂ ਖਿਲਾਫ਼ ਕਾਰਵਾਈ ਜਾਰੀ ਹੈ।
ਇਸੇ ਕਾਰਵਾਈ ਦੇ ਤਹਿਤ, ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਦੀ ਨਿਗਰਾਨੀ ਹੇਠ ਐਸ.ਆਈ ਕੁਲਵੰਤ ਸਿੰਘ ਅਤੇ ਬੀ.ਐਸ.ਐਫ 65 ਬਟਾਲੀਅਨ ਦੀ ਟੀਮ ਨੇ ਥਾਣਾ ਸਦਰ ਜਲਾਲਾਬਾਦ ਦੇ ਏਰੀਆ ਵਿੱਚ ਨਾਕਾਬੰਦੀ ਦੌਰਾਨ ਇਹ ਵੱਡੀ ਬਰਾਮਦਗੀ ਕੀਤੀ।ਉਨ੍ਹਾਂ ਦੱਸਿਆ ਕਿ ਮਿਤੀ 04 ਦਸੰਬਰ 2025 ਨੂੰ ਟੀ-ਪੁਆਇੰਟ ਢਾਣੀ ਮਾਂਘ ਸਿੰਘ ਨੇੜੇ ਨਾਕਾਬੰਦੀ ਦੌਰਾਨ ਟਾਹਲੀਵਾਲਾ ਵੱਲੋਂ ਇੱਕ ਬਜਾਜ ਡਿਸਕਵਰ ਮੋਟਰਸਾਈਕਲ (PB-22G-0379) ਆਉਂਦੀ ਦਿਸਿਆ, ਜਿਸ ’ਤੇ ਤਿੰਨ ਵਿਅਕਤੀ ਸਵਾਰ ਸਨ। ਨਾਕਾਬੰਦੀ ਦੇਖ ਕੇ ਉਹ ਮੁੜ ਕੇ ਭੱਜਣ ਲੱਗੇ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ। ਤਲਾਸ਼ੀ ਦੌਰਾਨ ਉਹਨਾਂ ਕੋਲੋਂ ਮੋਮੀ ਲਿਫਾਫੇ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਹੋਈ।
ਕਾਬੂ ਕੀਤੇ ਤਿੰਨਾਂ ਦੋਸ਼ੀਆਂ ਦੀ ਪਹਿਚਾਣ ਗਣੇਸ਼ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ, ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਜੋਧਾ ਭੈਣੀ ਹਾਲ ਬਸਤੀ ਕੇਰਾਂ ਵਾਲੀ, ਅਰੁਣਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ ਦੇ ਰੂਪ ਵਿੱਚ ਹੋਈ ਹੈ।
ਇਹਨਾਂ ਖਿਲਾਫ ਮੁਕੱਦਮਾ ਨੰਬਰ 195 ਮਿਤੀ 04-12-2025 ਤਹਿਤ 21/ਸੀ, 29, 61/85 ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤਾ ਗਿਆ ਹੈ। ਤਿੰਨਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਜਾਂਚ ਜਾਰੀ ਹੈ। ਜ਼ਿਲ੍ਹਾ ਪੁਲਿਸ ਨੇ ਕਿਹਾ ਹੈ ਕਿ ਨਸ਼ਿਆਂ ਦੀ ਸਪਲਾਈ ਚੈਨ ਤੱਕ ਪਹੁੰਚਣ ਲਈ ਮੁਹਿੰਮ ਹੋਰ ਵੀ ਤੀਬਰ ਕੀਤੀ ਜਾ ਰਹੀ ਹੈ।