Farmers Protest : ਸ਼ੰਭੂ ਬਾਰਡਰ ਜਾ ਰਹੇ ਕਿਸਾਨਾਂ ਦਾ ਟ੍ਰੈਕਟਰ ਖੇਤਾਂ 'ਚ ਪਲਟਿਆਂ, ਹਾਦਸੇ 'ਚ ਇਕ ਦੀ ਮੌਤ; ਦੋ ਜ਼ਖ਼ਮੀ
ਹਾਦਸੇ 'ਚ ਇਕ ਕਿਸਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਮਾਮੂਲੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਟਰਾਲੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
Publish Date: Sat, 24 Feb 2024 11:41 AM (IST)
Updated Date: Sat, 24 Feb 2024 04:25 PM (IST)
ਜਾਗਰਣ ਸੰਵਾਦਦਾਤਾ, ਫਿਰੋਜ਼ਪੁਰ : ਕਿਸਾਨਾਂ ਦਾ ਅੰਦੋਲਨ ਅਜੇ ਵੀ ਜਾਰੀ ਹੈ। ਕਿਸਾਨਾਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਸ਼ਨਿਚਰਵਾਰ ਸਵੇਰੇ ਫ਼ਿਰੋਜ਼ਪੁਰ ਤੋਂ ਸ਼ੰਭੂ ਬਾਰਡਰ ਧਰਨੇ ਲਈ ਜਾ ਰਹੀ ਟਰੈਕਟਰ ਟਰਾਲੀ ਨੂੰ ਪਿੰਡ ਬਸੰਤਪੁਰਾ ਨੇੜੇ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰਾਲੀ ਖੇਤਾਂ 'ਚ ਪਲਟ ਗਈ। ਹਾਦਸੇ 'ਚ ਇਕ ਕਿਸਾਨ ਗੁਰਜੰਟ ਸਿੰਘ (32) ਦੀ ਮੌਤ ਹੋ ਗਈ ਜਦਕਿ ਦੋ ਹੋਰ ਮਾਮੂਲੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਟਰਾਲੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 62 ਸਾਲਾ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਵੱਲੋਂ ਗੋਲ਼ੀ ਮਾਰਨ ਵਾਲੇ ਸ਼ੁਭਕਰਨ ਨੂੰ ਲੈ ਕੇ ਵੀ ਕਿਸਾਨਾਂ ਦਾ ਹੰਗਾਮਾ ਚੱਲ ਰਿਹਾ ਹੈ।
ਹਾਲਾਂਕਿ ਭਗਵੰਤ ਮਾਨ ਨੇ ਸ਼ੁਭਕਰਨ ਦੇ ਪਰਿਵਾਰ ਨੂੰ ਆਰਥਿਕ ਮਦਦ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਸ਼ੁਭਕਰਨ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਸ਼ੁਭਕਰਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।