ਬਿਜਲੀ ਸੋਧ ਬਿੱਲ ਤੇ ਸੀਡ ਬਿੱਲ ਦੀਆਂ ਫੂਕੀਆਂ ਕਾਪੀਆਂ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ, ਮਜਦੂਰਾਂ ਅਤੇ ਬਿਜਲੀ ਕਾਮਿਆ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Mon, 08 Dec 2025 05:57 PM (IST)
Updated Date: Mon, 08 Dec 2025 06:00 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਫਿਰੋਜ਼ਪੁਰ ਦੀਆਂ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਬਿਜਲੀ ਗਰਿੱਡ ਫਿਰੋਜ਼ਪੁਰ ਛਾਉਣੀ ਵਿਖ਼ੇ ਇਕੱਤਰ ਹੋ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਕੱਠੇ ਹੋਏ ਲੋਕਾਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਕੇਂਦਰ ਸਰਕਾਰ ਜਿਥੇ ਸੂਬਿਆਂ ਦੇ ਹੱਕਾ ਉਪਰ ਡਾਕਾ ਮਾਰ ਕੇ ਬਿਜਲੀ ਅਦਾਰੇ ਨੂੰ ਖੋਹ ਕੇ ਆਪਣੀ ਫਾਸ਼ੀਵਾਦੀ ਨੀਤੀ ਨੂੰ ਅੱਗੇ ਵਧਾ ਰਹੇ ਹੈ, ਉਥੇ ਹੀ ਤੇਜ਼ੀ ਨਾਲ ਪੂਰਾ ਬਿਜਲੀ ਸੈਕਟਰ ਕਾਰਪੋਰੇਟ ਘਰਾਣਿਆ ਲਈ ਮੁਨਾਫ਼ੇ ਦੀ ਵਸਤੂ ਬਣਾ ਸੁੱਟ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਸੀਡ ਬਿੱਲ ਰਾਹੀਂ ਇਕ ਵਾਰ ਫੇਰ ਖੇਤੀ ਸੈਕਟਰ ਵਿਚ ਦਖ਼ਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਬੀਜਾਂ ਦੀਆਂ ਖੋਜਾਂ ਅਤੇ ਰੱਖ ਰੱਖਾਵ ਦਾ ਮਸਲਾ ਆਮ ਲੋਕਾਂ ਅਤੇ ਸੂਬਾ ਸਰਕਾਰਾਂ ਦਾ ਹੈ, ਪਰ ਕੇਂਦਰ ਇਹ ਹੱਕ ਵੱਡੀਆਂ ਕਾਰਪੋਰੇਟੀ ਕੰਪਨੀਆਂ ਨੂੰ ਦੇਣਾ ਚਾਉਂਦੀ ਹੈ। ਉਨ੍ਹਾਂ ਕਿਹਾ ਕੇ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਉਪਰ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਨੂੰ ਮਨਜੂਰ ਨਹੀਂ ਕਰਨਗੇ। ਅੱਜ ਧਰਨਾਕਾਰੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਤੇ ਸੀਡ ਬਿੱਲ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਗੁਰਮੀਤ ਸਿੰਘ ਮਹਿਮਾ, ਦਲਵਿੰਦਰ ਸਿੰਘ ਸ਼ੇਰਖਾਂ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਗੁਰਦਿੱਤ ਸਿੰਘ, ਕਿਸਾਨ ਯੂਨੀਅਨ ਖੋਸਾ ਵੱਲੋਂ ਪਰਮਜੀਤ ਸਿੰਘ ਭੁੱਲਰ, ਕਿਸਾਨ ਯੂਨੀਅਨ ਕਾਦੀਆਂ ਵੱਲੋਂ ਗੁਰਮੇਲ ਸਿੰਘ ਬਿਜਲੀ ਕਾਮਿਆਂ ਦੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਰਾਕੇਸ਼ ਸੈਣੀ, ਅਸ਼ਵਨੀ ਸ਼ਰਮਾ, ਟੀਐੱਸਯੂ ਵੱਲੋਂ ਗੁਰਦੇਵ ਸਿੰਘ, ਕੁਲਵੰਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਕਿਸਾਨ ਵਿਦਿਆਰਥੀ ਯੂਨੀਅਨ ਵੱਲੋਂ ਜਗਰੂਪ ਸਿੰਘ ਭੁੱਲਰ, ਸੀਐੱਚਬੀ ਕਾਮਿਆ ਵੱਲੋਂ ਵਿਸ਼ਾਲ ਤੇਜੀ, ਪੰਜਾਬ ਜੰਮਹੂਰੀ ਮੋਰਚੇ ਵੱਲੋਂ ਜਸਵੰਤ ਸਿੰਘ ਪੱਟੀ ਆਦਿ ਆਗੂਆਂ ਨੇ ਸੰਬੋਧਨ ਕੀਤਾ।