ਬਜਟ ’ਚ ਪੰਜਾਬ ਨਾਲ ਫਿਰ ਧੋਖਾ : ਸੁਰਿੰਦਰ ਜੌੜਾ
ਬਜਟ ਵਿਚ ਕਿਸਾਨ–ਮਜ਼ਦੂਰ ਗ਼ਾਇਬ, ਪੰਜਾਬ ਨਾਲ ਫਿਰ ਧੋਖਾ: ਸੁਰਿੰਦਰ ਜੌੜਾ
Publish Date: Mon, 02 Feb 2026 04:16 PM (IST)
Updated Date: Mon, 02 Feb 2026 04:19 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਤਾਜ਼ਾ ਬਜਟ ਕਿਸਾਨਾਂ ਅਤੇ ਮਜ਼ਦੂਰ ਵਰਗ ਲਈ ਇਕ ਵਾਰ ਫਿਰ ਨਿਰਾਸ਼ਾ ਦਾ ਕਾਰਨ ਬਣਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਬਜਟ ’ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਇਸ ਵਿਚ ਦੇਸ਼ ਦੇ ਅੰਨਦਾਤਾ ਅਤੇ ਮਿਹਨਤਕਸ਼ ਵਰਗ ਦੀਆਂ ਆਸਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬਜਟ ਵਿੱਚ ਨਾ ਤਾਂ ਫਸਲਾਂ ਦੇ ਵਾਜਬ ਭਾਅ, ਕਰਜ਼ਾ ਮੁਆਫ਼ੀ ਜਾਂ ਸਿੰਚਾਈ ਸੁਧਾਰ ਲਈ ਕੋਈ ਵੱਡੀ ਘੋਸ਼ਣਾ ਕੀਤੀ ਗਈ ਹੈ ਅਤੇ ਨਾ ਹੀ ਮਜ਼ਦੂਰ ਵਰਗ ਦੀ ਆਮਦਨ ਵਧਾਉਣ ਜਾਂ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਕੋਈ ਠੋਸ ਯੋਜਨਾ ਦਿਖਾਈ ਦਿੱਤੀ ਹੈ। ਇਹ ਬਜਟ ਸਿਰਫ਼ ਅੰਕੜਿਆਂ ਅਤੇ ਦਾਅਵਿਆਂ ਤੱਕ ਹੀ ਸੀਮਿਤ ਰਹਿ ਗਿਆ ਹੈ। ਸੁਰਿੰਦਰ ਜੌੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਪੰਜਾਬ ਫੇਰੀ ਵੀ ਸੂਬੇ ਲਈ ਕੋਈ ਠੋਸ ਸੌਗਾਤ ਨਹੀਂ ਲਿਆ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ, ਕਿਸਾਨੀ ਸੰਕਟ, ਬੇਰੁਜ਼ਗਾਰੀ, ਨਸ਼ਿਆਂ ਅਤੇ ਉਦਯੋਗਿਕ ਮੰਦੀ ਵਰਗੇ ਗੰਭੀਰ ਮਸਲਿਆਂ ’ਤੇ ਕੇਂਦਰ ਸਰਕਾਰ ਨੇ ਚੁੱਪ ਵੱਟ ਲਈ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਲੰਮੇ ਕਾਰਜਕਾਲ ਦੇ ਬਾਵਜੂਦ ਪੰਜਾਬ ਅਜੇ ਵੀ ਆਪਣੀਆਂ ਮੂਲ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ। ਕੇਂਦਰ ਵੱਲੋਂ ਵਾਰ–ਵਾਰ ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਜ਼ਮੀਨ ’ਤੇ ਹਕੀਕਤ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਜੌੜਾ ਨੇ ਕਿਹਾ ਕਿ ਸਰਕਾਰ ਕੋਲ ਨਾ ਤਾਂ ਪੰਜਾਬ ਲਈ ਕੋਈ ਸਪਸ਼ਟ ਦਿਸ਼ਾ ਹੈ ਅਤੇ ਨਾ ਹੀ ਸਮੱਸਿਆਵਾਂ ਹੱਲ ਕਰਨ ਦੀ ਸਿਆਸੀ ਇੱਛਾ। ਉਨ੍ਹਾਂ ਅਨੁਸਾਰ ਹੁਣ ਲੋਕ ਵੀ ਸਮਝ ਗਏ ਹਨ ਕਿ ਇਹ ਸਰਕਾਰ ਸਿਰਫ਼ ਨਾਅਰਿਆਂ ਅਤੇ ਪ੍ਰਚਾਰ ਤੱਕ ਹੀ ਸੀਮਿਤ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਹੱਕਾਂ ਲਈ ਹਰ ਮੋਰਚੇ ’ਤੇ ਲੜਾਈ ਜਾਰੀ ਰੱਖੇਗੀ ਅਤੇ ਪੰਜਾਬ ਵਿਰੋਧੀ ਨੀਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ।