ਵ੍ਹਟਸਐਪ ’ਤੇ ਚਲਾਨ ਦੇ ਫਰਜ਼ੀ ਲਿੰਕ ਨੇ ਮਾਰੀ ਠੱਗੀ, ਫਿਰੋਜ਼ਪੁਰ ਦੇ ਵਿਅਕਤੀ ਦੇ ਖਾਤੇ 'ਚੋਂ 10 ਲੱਖ ਰੁਪਏ ਗਾਇਬ
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਗੁਰਬਖਸ਼ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Publish Date: Wed, 20 May 2026 04:01 PM (IST)
Updated Date: Wed, 20 May 2026 04:03 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਵਿਚ ਸਾਈਬਰ ਅਪਰਾਧੀਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ, ਜਿਸ ਦਾ ਤਾਜ਼ਾ ਸ਼ਿਕਾਰ ਪਿੰਡ ਸੋਢੇਵਾਲਾ ਦਾ ਇਕ ਵਿਅਕਤੀ ਹੋਇਆ ਹੈ। ਵ੍ਹਟਸਐਪ ’ਤੇ ਆਰਟੀਏ ਚਲਾਨ ਦੇ ਇਕ ਫਰਜ਼ੀ ਲਿੰਕ ਨੂੰ ਕਲਿੱਕ ਕਰਦਿਆਂ ਹੀ ਪੀੜਤ ਦੇ ਬੈਂਕ ਖਾਤੇ ਵਿੱਚੋਂ ਮਿੰਟਾਂ ’ਚ 10 ਲੱਖ ਰੁਪਏ ਉੱਡ ਗਏ। ਸਾਈਬਰ ਕ੍ਰਾਇਮ ਸੈੱਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 318 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਸ ਦੇ ਵ੍ਹਟਸਐਪ ਮੋਬਾਇਲ ਨੰਬਰ ’ਤੇ ਆਰਟੀਏ ਚਲਾਨ ਨਾਲ ਸਬੰਧਤ ਇਕ ਅਣਜਾਣ ਲਿੰਕ ਆਇਆ ਸੀ। ਉਸ ਨੇ ਦੱਸਿਆ ਕਿ ਇਹ ਸ਼ਾਇਦ ਉਸ ਦੀ ਗੱਡੀ ਦਾ ਕੋਈ ਅਸਲ ਚਲਾਨ ਹੋਵੇਗਾ, ਜਿਸ ਕਾਰਨ ਉਸ ਨੇ ਬਿਨ੍ਹਾ ਸੋਚੇ-ਸਮਝੇ ਉਸ ਲਿੰਕ ਉੱਪਰ ਕਲਿੱਕ ਕਰ ਦਿੱਤਾ। ਲਿੰਕ ’ਤੇ ਕਲਿੱਕ ਕਰਦੇ ਸਾਰ ਹੀ ਸਾਈਬਰ ਅਪਰਾਧੀਆਂ ਨੇ ਉਸ ਦੇ ਫੋਨ ਅਤੇ ਬੈਂਕ ਖਾਤੇ ਦਾ ਐਕਸੈਸ ਹਾਸਲ ਕਰ ਲਿਆ।
ਇਸ ਤੋਂ ਬਾਅਦ ਮਿਤੀ 16 ਮਈ 2026 ਨੂੰ ਉਸ ਦੇ ਮੋਬਾਇਲ ’ਤੇ ਬੈਂਕ ਵਿੱਚੋਂ ਪੈਸੇ ਕੱਟਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ। ਠੱਗਾਂ ਵੱਲੋਂ ਉਸ ਦੇ ਐੱਚਡੀਐੱਫਸੀ ਬੈਂਕ ਖਾਤਾ ਨੰਬਰ 50100163445260 ਆਈਐੱਫਐੱਸਸੀ ਕੋਡ 8463000301 ਵਿੱਚੋਂ 5-5 ਲੱਖ ਰੁਪਏ ਦੀਆਂ ਦੋ ਟਰਾਂਜੈਕਸ਼ਨਾਂ ਕੀਤੀਆਂ ਗਈਆਂ। ਇਸ ਤਰ੍ਹਾਂ ਉਸ ਦੇ ਖਾਤੇ ਵਿੱਚੋਂ ਕੁੱਲ 10 ਲੱਖ ਰੁਪਏ ਦੀ ਰਕਮ ਕਢਵਾ ਲਈ ਗਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਗੁਰਬਖਸ਼ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।