ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਸਵਾਮੀ ਵਿਵੇਕਾਨੰਦ ਜੈਅੰਤੀ ਮਨਾਈ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ਮਨਾਈ
Publish Date: Mon, 19 Jan 2026 04:01 PM (IST)
Updated Date: Mon, 19 Jan 2026 04:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫ਼ਾਜ਼ਿਲਕਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਿਤ ਫਾਜ਼ਿਲਕਾ ਆਸ਼ਰਮ ਦੇ ਵਿੱਚ ਭਾਰਤ ਦੇ ਮਹਾਨ ਸੰਤ, ਦਰਸ਼ਨਿਕ, ਦੇਸ਼ ਭਗਤ ਅਤੇ ਯੁਵਾ ਪ੍ਰੇਰਕ ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ਨੂੰ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ਵਿੱਚ ਬੜੀ ਸ਼ਰਧਾ, ਉਤਸ਼ਾਹ ਅਤੇ ਆਤਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ ’ਤੇ ਸਵਾਮੀ ਵਿਵੇਕਾਨੰਦ ਜੀ ਨੂੰ ਸ਼ਰਧਾ ਦੇ ਅਰਪਿਤ ਕਰਨ ਲਈ ਇੱਕ ਵਿਸ਼ੇਸ਼ ਪ੍ਰੇਰਣਾਦਾਇਕ ਅਤੇ ਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ, ਸੇਵਾਦਾਰਾਂ ਅਤੇ ਸਾਧਕਾਂ ਨੇ ਭਾਗ ਲਿਆ। ਇਸ ਮੌਕੇ ਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਚਾਲਕ ਅਤੇ ਸੰਸਥਾਪਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸੇਵਕ ਲਵਪ੍ਰੀਤ ਸਿੰਘ ਨੇ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਸਵਾਮੀ ਵਿਵੇਕਾਨੰਦ ਜੀ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਜੀ ਦੇ ਪ੍ਰਮੁੱਖ ਸੇਵਕ ਸਨ, ਜੋ ਆਪਣੇ ਸਮੇਂ ਦੇ ਪੂਰਨ ਸੰਤ ਸਨ। ਸਵਾਮੀ ਵਿਵੇਕਾਨੰਦ ਜੀ ਦਾ ਦ੍ਰਿੜ਼ ਵਿਸ਼ਵਾਸ ਸੀ ਕਿ ਪਰਮਾਤਮਾ ਦੀ ਸੱਚੀ ਪ੍ਰਾਪਤੀ ਪੂਰਨ ਸੰਤ ਦੀ ਸ਼ਰਨਾਗਤ ਹੋ ਕੇ ਹੀ ਸੰਭਵ ਹੈ। ਉਨ੍ਹਾਂ ਅਨੁਸਾਰ ਸਤਿਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਅੰਦਰ ਵੱਸਦੇ ਆਤਮਿਕ ਪ੍ਰਕਾਸ਼ ਨੂੰ ਪਹਿਚਾਣ ਸਕਦਾ ਹੈ ਅਤੇ ਜੀਵਨ ਦਾ ਅਸਲ ਉਦੇਸ਼ ਸਮਝ ਸਕਦਾ ਹੈ। ਸਾਧਵੀ ਅਮਰਾ ਭਾਰਤੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਨੇ ਭਾਰਤ ਦੀ ਅਧਿਆਤਮਿਕ ਮਹਾਨਤਾ ਨੂੰ ਵਿਸ਼ਵ ਪੱਧਰ ’ਤੇ ਪ੍ਰਤਿਸ਼ਠਿਤ ਕੀਤਾ। ਉਨ੍ਹਾਂ ਦਾ ਅਧਿਆਤਮ ਸਿਰਫ਼ ਸੰਨਿਆਸ ਤੱਕ ਸੀਮਿਤ ਨਹੀਂ ਸੀ, ਸਗੋਂ ਕਰਮਯੋਗ, ਸੇਵਾ ਅਤੇ ਰਾਸ਼ਟਰ ਨਿਰਮਾਣ ਨਾਲ ਜੁੜਿਆ ਹੋਇਆ ਸੀ। ਉਹ ਕਹਿੰਦੇ ਸਨ ਕਿ ਜਿਹੜਾ ਨੌਜਵਾਨ ਆਪਣੇ ਆਪ ਨੂੰ ਜਾਣ ਲੈਂਦਾ ਹੈ, ਉਹੀ ਆਪਣੇ ਦੇਸ਼ ਨੂੰ ਵੀ ਉੱਚਾਈਆਂ ’ਤੇ ਲੈ ਕੇ ਜਾ ਸਕਦਾ ਹੈ।ਸਵਾਮੀ ਵਿਵੇਕਾਨੰਦ ਜੀ ਨੇ ਨੌਜਵਾਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਦੱਸਿਆ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਚਰਿੱਤਰ ਨਿਰਮਾਣ ਅਤੇ ਆਤਮਿਕ ਅਨੁਸ਼ਾਸਨ ਦਾ ਪਾਠ ਪੜ੍ਹਾਇਆ। ਸੁਆਮੀ ਵਿਵੇਕਾਨੰਦ ਜੀ ਦਾ ਮੰਨਣਾ ਸੀ ਕਿ ਮਜ਼ਬੂਤ ਚਰਿੱਤਰ, ਨਿਸ਼ਕਾਮ ਸੇਵਾ ਅਤੇ ਉੱਚੇ ਆਦਰਸ਼ਾਂ ਦੁਆਰਾ ਹੀ ਇੱਕ ਸਸ਼ਕਤ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਸੰਭਵ ਹੈ। ਉਨ੍ਹਾਂ ਦਾ ਪ੍ਰਸਿੱਧ ਉਪਦੇਸ਼ “ਉੱਠੋ, ਜਾਗੋ ਅਤੇ ਲਕਸ਼ ਦੀ ਪ੍ਰਾਪਤੀ ਤੱਕ ਨਾ ਰੁਕੋ” ਅੱਜ ਵੀ ਨੌਜਵਾਨਾਂ ਦੇ ਮਨਾਂ ਵਿੱਚ ਨਵੀਂ ਚੇਤਨਾ ਪੈਦਾ ਕਰਦਾ ਹੈ।ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਅਧਿਆਤਮਿਕਤਾ ਤੋਂ ਬਿਨਾਂ ਦੇਸ਼ ਭਗਤੀ ਅਧੂਰੀ ਹੈ ਅਤੇ ਦੇਸ਼ ਭਗਤੀ ਤੋਂ ਬਿਨਾਂ ਅਧਿਆਤਮ ਅਧੂਰਾ ਰਹਿੰਦਾ ਹੈ। ਜਦੋਂ ਨੌਜਵਾਨ ਪੂਰਨ ਸੰਤ ਦੀ ਸ਼ਰਨਾਗਤ ਹੋ ਕੇ ਆਪਣੇ ਅੰਦਰ ਆਤਮਿਕ ਸ਼ਕਤੀ ਨੂੰ ਜਗਾਉਂਦੇ ਹਨ, ਫਿਰ ਹੀ ਉਹ ਨਸ਼ਿਆਂ, ਨਕਾਰਾਤਮਕਤਾ ਅਤੇ ਭਟਕਾਵੇ ਤੋਂ ਬਚ ਕੇ ਰਾਸ਼ਟਰ ਸੇਵਾ ਦੇ ਰਸਤੇ ’ਤੇ ਅੱਗੇ ਵਧਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਗੁਰੂ ਭਾਈ ਉਮੇਸ਼ ਜੀ ਵਲੋਂ ਦੇਸ਼ ਭਗਤੀ ਦੇ ਭਜਨ ਗਾ ਕੇ ਸਭ ਨੇ ਝੂਮਣ ਲਈ ਮਜਬੂਰ ਕਰ ਦਿੱਤਾ। ਵੱਡੀ ਗਿਣਤੀ ਵਿੱਚ ਹਾਜ਼ਰ ਨੌਜਵਾਨਾਂ ਨੇ ਸਵਾਮੀ ਵਿਵੇਕਾਨੰਦ ਜੀ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਅਤੇ ਆਪਣੇ ਜੀਵਨ ਨੂੰ ਦੇਸ਼ ਸੇਵਾ, ਮਨੁੱਖਤਾ ਦੀ ਭਲਾਈ ਅਤੇ ਅਧਿਆਤਮਿਕ ਉੱਨਤੀ ਲਈ ਸਮਰਪਿਤ ਕਰਨ ਦਾ ਸੰਕਲਪ ਲਿਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਇਹ ਪ੍ਰੇਰਣਾ ਦਿੱਤੀ ਗਈ ਕਿ ਜਾਗਰੂਕ, ਸੰਸਕਾਰਿਤ ਅਤੇ ਆਤਮਿਕ ਤੌਰ ’ਤੇ ਮਜ਼ਬੂਤ ਨੌਜਵਾਨ ਹੀ ਭਾਰਤ ਦੇ ਸੁਨਹਿਰੇ ਭਵਿੱਖ ਦੀ ਅਸਲ ਨੀਂਹ ਹਨ।