ਆਂਡੇ, ਮੀਟ, ਸ਼ਰਾਬ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅੱਜ 20 ਨਵੰਬਰ ਨੂੰ ਆਂਡੇ, ਮੀਟ, ਸ਼ਰਾਬ ਦੀਆਂ ਦੁਕਾਨਾਂ ਅਤੇ ਅਹਾਤਿਆਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ
Publish Date: Wed, 19 Nov 2025 05:18 PM (IST)
Updated Date: Wed, 19 Nov 2025 05:19 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਖ-ਵੱਖ ਜ਼ਿਲ੍ਹਿਆਂ ਵਿਚ ਚਾਰ ਨਗਰ ਕੀਰਤਨ/ਯਾਤਰਾਵਾਂ 20 ਤੋਂ 22 ਨਵੰਬਰ 2025 ਤੱਕ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਯਾਦਗਾਰੀ ਸਮਾਰੋਹ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਨਗਰ ਕੀਰਤਨ/ਯਾਤਰਾ ਦੇ ਰਸਤੇ ਵਿਚ ਕੋਈ ਵੀ ਅਜਿਹੀ ਗਤੀਵਿਧੀ ਨਾ ਹੋਵੇ ਜੋ ਮਰਿਆਦਾ ਨੂੰ ਭੰਗ ਕਰੇ। ਇਸ ਸਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ, ਵੱਲੋਂ ਭਾਰਤੀਯ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਮਿਤੀ 20 ਨਵੰਬਰ 2025 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਨਿਕਲਣ ਵਾਲੇ ਨਗਰ ਕੀਰਤਨ/ਯਾਤਰਾ ਦੇ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਆਂਡੇ, ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਅਤੇ ਅਹਾਤੇ ਪੂਰੀ ਤਰ੍ਹਾਂ ਬੰਦ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਗਰ ਕੀਰਤਨ/ਯਾਤਰਾ ਦੇ ਦਿਨ ਇਨ੍ਹਾਂ ਦੁਕਾਨਾਂ ਦੇ ਖੁੱਲ੍ਹੇ ਰਹਿਣ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਸੰਭਾਵਨਾ ਹੈ ਅਤੇ ਕੁਝ ਸ਼ਰਾਰਤੀ ਤੱਤ ਇਸਦਾ ਨਜਾਇਜ਼ ਫਾਇਦਾ ਚੁੱਕ ਕੇ ਅਮਨ ਸ਼ਾਂਤੀ ਭੰਗ ਕਰ ਸਕਦੇ ਹਨ। ਇਸ ਲਈ ਕਾਨੂੰਨ-ਵਿਵਸਥਾ ਅਤੇ ਸਮਾਜਿਕ ਸਾਂਝ ਨੂੰ ਬਣਾਈ ਰੱਖਣ ਲਈ ਇਹ ਫ਼ੈਸਲਾ ਲਾਜ਼ਮੀ ਹੈ। ਇਹ ਹੁਕਮ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਇੱਕਤਰਫਾ ਜਾਰੀ ਕੀਤਾ ਗਿਆ ਹੈ ਅਤੇ ਆਮ ਜਨਤਾ ਨੂੰ ਸੰਬੋਧਿਤ ਹੈ।