ਦਿਵਿਆਂਗ ਸਾਡੇ ਸਮਾਜ ਦਾ ਮਹੱਤਵਪੂਰਨ ਹਿੱਸਾ : ਡਾ. ਕਵਿਤਾ ਸਿੰਘ
ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਮਹੱਤਵਪੂਰਨ ਹਿੱਸਾ : ਡਾ. ਕਵਿਤਾ ਸਿੰਘ
Publish Date: Sat, 06 Dec 2025 03:23 PM (IST)
Updated Date: Sat, 06 Dec 2025 03:27 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰੇਸ਼ ਕੰਬੋਜ਼ ਅਤੇ ਹੱਡੀਆਂ ਦੇ ਮਾਹਿਰ ਡਾ. ਸਨਮਾਨ ਮਾਜ਼ੀ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਅਤੇ ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਦੀ ਅਗਵਾਈ ਹੇਠ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਲਗਾਤਾਰ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਵੱਖ-ਵੱਖ ਸਪੈਸ਼ਲਿਸਟ ਡਾਕਟਰ ਹੋਣ ਨਾਲ ਇਹ ਸਰਟੀਫਿਕੇਟ ਬਣਵਾਉਣ ਲਈ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ। ਸਿਵਲ ਹਸਪਤਾਲ ਵਿੱਚ ਅੱਖਾਂ ਦੇ ਮਾਹਿਰ, ਹੱਡੀਆਂ ਦੇ ਮਾਹਿਰ, ਈ.ਐਨ.ਟੀ ਸਪੈਸ਼ਲਿਸਟ, ਮਾਨਸਿਕ ਰੋਗਾਂ ਦੇ ਮਾਹਿਰ, ਪਲਮਨਰੀ ਮੈਡੀਸਿਨ ਸਪੈਸ਼ਲਿਸਟ, ਬੱਚਿਆਂ ਦੇ ਮਾਹਿਰ ਡਾਕਟਰ ਮੌਜੂਦ ਹਨ, ਜਿਨ੍ਹਾਂ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਜੁਲਾਈ ਵਿੱਚ 68, ਅਗਸਤ ਵਿੱਚ 45, ਸਤੰਬਰ ਵਿੱਚ 73, ਅਕਤੂਬਰ ਵਿੱਚ 45 ਅਤੇ ਨਵੰਬਰ 69 ਦਿਵਿਆਂਗ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਦਿਵਿਆਂਗ ਲੋਕਾਂ ਦੀ ਸਹੂਲਤ ਲਈ ਹਸਪਤਾਲ ਵਿੱਚ ਸਾਰੇ ਪ੍ਰਬੰਧ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸਮਾਜਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਮੁੱਖ ਤੌਰ ਤੇ ਸਮਾਜਸੇਵੀ ਵਿਪਨ ਸ਼ਰਮਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਅਤੇ ਪੈਂਸ਼ਨ ਲਗਵਾਉਣ ਵਿੱਚ ਅਹਿਮ ਭੁਮਿਕਾ ਨਿਭਾਈ ਜਾ ਰਹੀ ਹੈ। ਇਸ ਸੰਬੰਧੀ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਹਰ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਮਹੱਤਵਪੂਰਨ ਹਿੱਸਾ ਹੈ ਤੇ ਉਨ੍ਹਾਂ ਨੂੰ ਇੱਕ ਸਮਾਨ ਮਾਣ-ਸਨਮਾਨ ਅਤੇ ਸਹੂਲਤਾਂ ਦੇਣਾ ਸਾਡਾ ਫਰਜ਼ ਹੈ। ਦਿਵਿਆਂਗਤਾ ਕੋਈ ਕਮੀ ਨਹੀਂ, ਸਗੋਂ ਸਮਾਜ ਨੂੰ ਹੋਰ ਸੰਵੇਦਨਸ਼ੀਲ ਤੇ ਸਮਾਨਤਾ ਵਾਲਾ ਬਣਾਉਣ ਦਾ ਮੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕਰਮ ਦੇ ਤਹਿਤ ਆਂਗਨਵਾੜੀ ਅਤੇ ਸਰਕਾਰੀ ਸਕੂਲਾਂ ਪੜਦੇ ਬੱਚਿਆਂ ਦੀਆਂ ਵੱਖ-ਵੱਖ ਬਿਮਾਰੀਆਂ, ਦਿਵਿਆਂਗਤਾਵਾਂ ਅਤੇ ਵਿਕਾਸੀ ਸਮੱਸਿਆਵਾਂ ਦੀ ਸਮੇਂ ਸਿਰ ਜਾਂਚ ਕਰਕੇ ਇਲਾਜ ਦੀ ਵਿਵਸਥਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸ਼ੁਰੂਆਤੀ ਪਛਾਣ ਨਾਲ ਬੱਚੇ ਦਾ ਭਵਿੱਖ ਬਚਾਇਆ ਜਾ ਸਕਦਾ ਹੈ।