ਠੇਕਾ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਐਲਾਨ, ਕੰਮ ਬੰਦ ਕਰ ਕੇ ਲਾਏ ਜਾਣਗੇ ਧਰਨੇ
ਠੇਕਾ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਐਲਾਨ, 2, 3 ਅਤੇ 4 ਦਸੰਬਰ ਨੂੰ ਕੰਮ ਬੰਦ ਕਰਕੇ ਲਗਾਤਾਰ ਧਰਨੇ
Publish Date: Wed, 26 Nov 2025 04:31 PM (IST)
Updated Date: Wed, 26 Nov 2025 04:32 PM (IST)

- ਇਨਲਿਸਟਮੈਂਟ/ਆਊਟਸੋਰਸ ਕਾਮਿਆਂ ਦਾ ਪੱਕਾ ਰੁਜ਼ਗਾਰ ਕਰਨ ਵਾਲੀ ਪਾਲਿਸੀ ਲਾਗੂ ਕੀਤੀ ਜਾਵੇ : ਆਗੂ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਮੰਗਾਂ ਦੇ ਹੱਲ ਲਈ 2, 3 ਅਤੇ 4 ਦਸੰਬਰ 2025 ਨੂੰ ਤਿੰਨ ਦਿਨਾਂ ਲਈ ਕੰਮ ਮੁਕੰਮਲ ਬੰਦ ਕਰ ਕੇ ਲਗਾਤਾਰ ਦਿਨ-ਰਾਤ ਦੇ ਧਰਨੇ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਜਲ ਸਪਲਾਈ ਦਫ਼ਤਰ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਏ। ਸੂਬਾ ਕਮੇਟੀ ਆਗੂ ਰੁਪਿੰਦਰ ਸਿੰਘ ਅਤੇ ਸਰਕਲ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਦੇ ਪੱਕੇ ਰੁਜ਼ਗਾਰ ਸਬੰਧੀ ਤਿਆਰ ਕੀਤੀ ਗਈ ਪਾਲਿਸੀ (ਤਜਵੀਜ਼) ਕਾਮਿਆਂ ਦੇ ਹਿੱਤ ਵਿਚ ਨਹੀਂ ਹੈ। ਵਰਕਰਾਂ ਨੇ ਦੋਸ਼ ਲਾਇਆ ਕਿ ਇਹ ਪ੍ਰਸੋਨਲ ਵਿਭਾਗ ਨੂੰ ਪੇਸ਼ ਕੀਤੀ ਗਈ ਪਾਲਸੀ ਬੇਲੋੜੀਆਂ ਸ਼ਰਤਾਂ ਲਾ ਕੇ ਵਰਕਰਾਂ ਦੇ ਰੁਜ਼ਗਾਰ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਜਥੇਬੰਦੀ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਪਿਛਲੇ 15 ਤੋਂ 20 ਸਾਲਾਂ ਤੋਂ ਸੇਵਾਵਾਂ ਦੇ ਰਹੇ ਇਨ੍ਹਾਂ ਵਰਕਰਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਦੇ ਤਜਰਬੇ ਦੇ ਆਧਾਰ ’ਤੇ ਸਬੰਧਿਤ ਵਿਭਾਗ ਵਿਚ ਸ਼ਾਮਲ ਕਰਕੇ ਪੱਕਾ ਰੁਜ਼ਗਾਰ ਦਿੱਤਾ ਜਾਵੇ। ਯੂਨੀਅਨ ਨੇ ਮੰਗ ਕੀਤੀ ਹੈ ਕਿ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਵਿਭਾਗ ਵਿਚ ਸਿੱਧੇ ਕੰਟਰੈਕਟ ’ਤੇ ਲੈਣ ਦੀ ਤਜਵੀਜ਼ ਭੇਜੀ ਜਾਵੇ ਅਤੇ ਬੇਲੋੜੀਆਂ ਸ਼ਰਤਾਂ ਨੂੰ ਰੱਦ ਕਰਕੇ ਈ.ਪੀ.ਐੱਫ. ਅਤੇ ਈ.ਐੱਸ.ਆਈ.ਸੀ. ਵਰਗੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਵਰਕਰ 2, 3 ਅਤੇ 4 ਦਸੰਬਰ ਨੂੰ ਕੰਮ ਬੰਦ ਕਰਕੇ ਵਿਭਾਗੀ ਦਫ਼ਤਰਾਂ ਅੱਗੇ ਸਰਕਲ/ਡਵੀਜ਼ਨ/ਸਬ-ਡਵੀਜ਼ਨ ਪੱਧਰੀ ਲਗਾਤਾਰ ਧਰਨੇ ਦੇਣਗੇ। ਵਰਕਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਾਟਰ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ/ਨਿੱਜੀਕਰਨ ਬੰਦ ਕਰਨ ਅਤੇ ਆਪਣੀਆਂ ਤਮਾਮ ਮੰਗਾਂ ਦਾ ਹੱਲ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਵਿਚ ਖਜ਼ਾਨਚੀ ਬਲਜਿੰਦਰ ਸਿੰਘ, ਮੁੱਖ ਬੁਲਾਰਾ ਪਰਵਿੰਦਰ ਸਿੰਘ ਰਾਜਾ, ਬਲਾਕ ਆਗੂ, ਰਮੇਸ਼ ਕੁਮਾਰ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਸਤਪਾਲ ਸਿੰਘ, ਗੁਰਮੁੱਖ ਸਿੰਘ, ਸੁਖਬੀਰ ਸਿੰਘ, ਜਰਨਲ ਸਕੱਤਰ ਹਰਜਿੰਦਰ ਸਿੰਘ, ਹਰਦੀਪ ਸਿੰਘ ਫਿੱਡੇ ਆਦਿ ਆਗੂ ਹਾਜ਼ਰ ਸਨ।