ਸ਼ਹਿਰ ’ਚ ਵਧੀਆਂ ਦੇ ਚੋਰੀਆਂ ਦੇ ਵਿਰੋਧ ’ਚ ਰੋਸ ਮਾਰਚ 7 ਨੂੰ
ਚੋਰੀਆਂ ਤੋਂ ਅੱਕੇ ਸ਼ਹਿਰੀ ਹੋਏ ਇਕੱਠੇ, 7 ਫਰਵਰੀ ਨੂੰ ਕੱਢ੍ਹਿਆ ਜਾਵੇਗਾ ਰੋਸ ਮਾਰਚ
Publish Date: Sat, 31 Jan 2026 07:48 PM (IST)
Updated Date: Sat, 31 Jan 2026 07:52 PM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਬੀਤੇ ਕੁੱਝ ਦਿਨਾਂ ਤੋਂ ਫਿਰੋਜ਼ਪੁਰ ਵਿਚ ਅਚਾਨਕ ਵੱਧ ਰਹੇ ‘ਕ੍ਰਾਈਮ ਗ੍ਰਾਫ’ ਤੋਂ ਚਿੰਤਤ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬੁੱਧੀਜੀਵੀ ਲੋਕਾਂ ਵੱਲੋਂ ਸ਼ਨੀਚਰਵਾਰ ਨੂੰ ਸ਼ਹਿਰ ਵਿਖੇ ਇਕੱਤਰ ਹੋ ਕੇ ਇਸ ਮਸਲੇ ਦੇ ਹੱਲ ਲਈ ਮੰਥਨ ਕੀਤਾ। ਇਸ ਮੌਕੇ ਜਿਥੇ ਸ਼ਹਿਰ ਅਤੇ ਛਾਉਣੀ ਦੇ ਵਪਾਰ ਮੰਡਲਾਂ ਨਾਲ ਸਬੰਧਤ ਨੁੰਮਾਇੰਦੇ ਸਨ ਤਾਂ ਸ਼ਹਿਰ ਦੇ ਵਪਾਰੀ, ਵਕੀਲ ਅਤੇ ਪੱਤਰਕਾਰਾਂ ਦੀ ਵੀ ਚੰਗੀ ਸ਼ਮੂਲੀਅਤ ਵੇਖਣ ਨੂੰ ਮਿਲੀ। ਸਥਾਨਕ ਬੁੱਧੀਜੀਵੀਆਂ ਵੱਲੋਂ ਪੂਰੀ ਤਰਾਂ ਗੈਰ ਸਿਆਸੀ ਰੱਖੇ ਇਸ ਇਕੱਠ ਵਿਚ ਹਾਕਮ ਵਿਰੋਧੀ ਸਿਆਸੀ ਧਿਰਾਂ ਦੇ ਨੁੰਮਾਇੰਦੇ ਵੀ ਪਹੁੰਚੇ। ਹਾਲਾਂਕਿ ਇਕੱਠ ਦੀ ਅਗੁਵਾਈ ਕਰ ਰਹੇ ਪੱਤਵੰਤਿਆਂ ਵੱਲੋਂ ਸਿਆਸੀ ਨੁੰਮਾਇੰਦਿਆਂ ਨੂੰ ‘ਸਿਆਸਤ’ ਬਾਹਰ ਰੱਖ ਕੇ ਆਉਣ ਦਾ ਸਾਫ ਸਨੇਹਾ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਪਰ 7 ਫਰਵਰੀ ਦੇ ਮਾਰਚ ਵਿਚ ਹੀ ਪਤਾ ਲੱਗੇਗਾ ਕਿ ਚੋਰੀਆਂ ਚੱਕਾਰੀਆਂ, ਲੁੱਟਾਂ ਖੋਹਾਂ ਤੇ ਕਤਲੋਗਾਰਤ ਕਾਰਣ ਪੁਲਿਸ ਨੂੰ ਜਗਾਉਣ ਲਈ ਕੀਤਾ ਇਕੱਠ ਭਗਵੰਤ ਮਾਨ ਖਿਲਾਫ ਚਾਂਦਮਾਰੀ ’ਚ ਤਬਦੀਲ ਹੁੰਦਾ ਹੈ ਜਾਂ ਸੱਚਮੁੱਚ ਹੀ ਗੈਰ-ਸਿਆਸੀ ਰਹਿੰਦਾ ਹੈ। ਇਸ ਮੌਕੇ ਜਿਥੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਤੇ ਸੱਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ ਵੀ ਮੀਟਿੰਗ ਵਿਚ ਮੋਜੂਦ ਸਨ ਤਾਂ ਸ਼ਹਿਰ ਦੇ ਕੁੱਝ ਉੱਘੇ ਵਕੀਲਾਂ ਆਰ ਐਸ ਸੋਢੀ , ਸਮਾਜ ਸੇਵੀ ਵਕੀਲ ਰੋਹਿਤ ਅਰੋੜਾ ਤੋਂ ਇਲਾਵਾ ਸਮਾਜ ਸੇਵੀ ਸ਼ਲਿੰਦਰ ਬਬਲਾ, ਵਿਪੁੱਲ ਨਾਰੰਗ, ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਰਿੰਕੂ ਗਰੋਵਰ, ਕਾਂਗਰਸੀ ਆਗੂ ਗੁਰਭੇਜ ਟਿੱਬੀ, ਆਮ ਆਦਮੀ ਪਾਰਟੀ ਦੇ ਡਿੰਪਲ ਕੰਤੋੜ, ਸੀਨੀਅਰ ਆਰਐੱਸਐੱਸ ਅਤੇ ਭਾਜਪਾ ਆਗੂ ਇੰਦਰ ਗੁੱਪਤਾ, ਭਾਜਪਾ ਆਗੂ ਅਸ਼ੋਕ ਬਹਿਲ, ਡਾ. ਤਰੁਣ ਜੈਨ ਵੀ ਹਾਜ਼ਰ ਸਨ। ਇਸ ਮੌਕੇ ਉਘੇ ਸਮਾਜ ਸੇਵੀ ਤੇ ਫਿਰੋਜ਼ਪੁਰ ਫਾਉਂਡੇਸ਼ਨ ਦੇ ਆਗੂ ਸ਼ਲਿੰਦਰ ਬਬਲਾ ਨੇ ਆਖਿਆ ਕਿ ਰੋਜ਼-ਰੋਜ਼ ਦੀਆਂ ਚੋਰੀਆਂ ਚੱਕਾਰੀਆਂ ਤੇ ਲੁੱਟਾਂ ਖੋਹਾਂ ਤੋਂ ਲੋਕ ਅੱਕ ਚੁੱਕੇ ਹਨ। ਇਸ ਲਈ ਸ਼ਹਿਰ ਲਈ ਚਿੰਤਤ ਬੁੱਧੀਜੀਵੀ ਲੋਕਾਂ ਵੱਲੋਂ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਜਰੀਏ ਅਪੀਲ ਕੀਤੀ ਜਾ ਰਹੀ ਸੀ ਕਿ ਇਕੱਠੇ ਹੋ ਕੇ ਕੁੱਝ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 7 ਫਰਵਰੀ ਨੂੰ ਇਕ ਰੋਸ ਮਾਰਚ ਕੱਢ੍ਹਿਆ ਜਾਵੇਗਾ ਜੋ ਪੂਰੀ ਤਰਾਂ ਗੈਰ ਸਿਆਸੀ ਹੋਵੇਗੇ। ਇਸ ਵਿਚ ਸੱਭ ਧਰਮਾਂ, ਜਾਤਾਂ ਅਤੇ ਸਿਆਸੀ ਧਿਰਾਂ ਦੇ ਲੋਕ ਇਕ ਸਾਂਝੇ ਕਾਰਜ ਲਈ ਹਿੱਸਾ ਪਾਉਣਗੇ।