ਪਾਬੰਦੀ ਦੇ ਦਾਅਵੇ ਨਾਕਾਮ, ਬਸੰਤ ਦੌਰਾਨ ਫਿਰੋਜ਼ਪੁਰ ’ਚ ਕਈ ਲੋਕ ਜ਼ਖ਼ਮੀ
ਚਾਈਨਾ ਡੋਰ ਨੇ ਫਿਰ ਵਗਾਇਆ ਖੂਨ!
Publish Date: Sat, 24 Jan 2026 06:07 PM (IST)
Updated Date: Sat, 24 Jan 2026 06:10 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਚਾਈਨਾ ਡੋਰ ’ਤੇ ਪਾਬੰਦੀ ਨੂੰ ਲੈ ਕੇ ਪ੍ਰਸ਼ਾਸਨ ਤੇ ਰਾਜਨੀਤਕ ਪਾਰਟੀਆਂ ਵੱਲੋਂ ਵੱਡੇ ਦਾਅਵੇ ਤਾਂ ਹਰ ਵਾਰ ਕੀਤੇ ਜਾਂਦੇ ਹਨ ਪਰ ਹਕੀਕਤ ਵਿਚ ਇਹ ਪਾਬੰਦੀ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਰਹਿ ਗਈ ਹੈ। ਇਨ੍ਹਾਂ ਦਾਅਵਿਆਂ ਦੇ ਬਾਵਜੂਦ ਸ਼ਹਿਰ ਵਿਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਧੜੱਲੇ ਨਾਲ ਜਾਰੀ ਹੈ, ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਜ਼ਿਕਰਯੋਗ ਹੈ ਕਿ ਮੌਜ਼ੂਦਾ ਸਰਕਾਰ ਦੇ ਵਿਧਾਇਕਾਂ ਵੱਲੋਂ ਵੀ ਵੱਖ-ਵੱਖ ਸਮੇਂ ਦੌਰਾਨ ਕਥਿਤ ਚੈਕਿੰਗ ਮੁਹਿੰਮਾਂ ਚਲਾਈਆਂ ਗਈਆਂ ਪਰ ਨਤੀਜਾ ਜ਼ੀਰੋ ਹੀ ਰਿਹਾ। ਪੁਲਸ ਪ੍ਰਸ਼ਾਸਨ ਵੀ ਚੀਨੀ ਡੋਰੇ ’ਤੇ ਰੋਕ ਲਗਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਨਜ਼ਰ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਸਖ਼ਤ ਕਾਰਵਾਈ ਨਹੀਂ ਹੁੰਦੀ, ਇਸ ‘ਮੌਤ ਦੀ ਡੋਰ’ ਤੋਂ ਜਾਨਾਂ ਬਚਾਉਣਾ ਮੁਸ਼ਕਲ ਹੈ। ਬੀਤੇ ਕੱਲ ਬਸੰਤ ਦੇ ਮੌਕੇ ਦੌਰਾਨ ਚਾਈਨਾ ਡੋਰ ਨੇ ਇੱਕ ਵਾਰ ਫਿਰ ਆਪਣੀ ਖ਼ਤਰਨਾਕੀ ਦਾ ਸਬੂਤ ਦਿੱਤਾ। ਜਾਣਕਾਰੀ ਅਨੁਸਾਰ, ਇਸ ਦਿਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੇਸ਼ੁਮਾਰ ਲੋਕ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਹੋਏ। ਇਸੇ ਦੌਰਾਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਦੇ ਸੁਖਵਿੰਦਰ ਸਿੰਘ ਪੁੱਤਰ ਅਨੋਖ ਸਿੰਘ (58) ਦੇ ਚੀਨੀ ਡੋਰ ਨਾਲ ਹੋਏ ਜ਼ਖ਼ਮ ਤੇ 10 ਟਾਂਕੇ ਲੱਗੇ ਇਹਨਾ ਦਾ ਇਲਾਜ ਮੈਡੀਸਿਟੀ ਹਸਪਤਾਲ ਫਿਰੋਜ਼ਪੁਰ ਤੋਂ ਚੱਲ ਰਿਹਾ ਹੈ। ਇਸੇ ਤਰ੍ਹਾਂ ਭਿੰਦਰ ਪੁੱਤਰ ਚੰਦ, ਨਿਵਾਸੀ ਪਿੰਡ ਕੁਤਬੇਵਾਲਾ ਦੇ 22 ਟਾਂਕੇ ਲੱਗੇ ਅਤੇ ਟਹਿਲ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਪਿੰਡ ਮੀਰਾ ਸ਼ਾਹ ਨੂਰ 34 ਟਾਂਕੇ ਲੱਗੇ ਚਾਈਨਾ ਡੋਰ ਕਾਰਨ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ ਅਤੇ ਦੋਵੇਂ ਜਖ਼ਮੀਆਂ ਨੂੰ ਫਿਰੋਜ਼ਪੁਰ ਸ਼ਹਿਰ ਦੇ ਬੰਗੜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਅਰੁਨ ਕੁਮਾਰ ਜੋ ਕਿ ਚੀਨੀ ਡੋਰ ਦੀ ਲਪੇਟ ਵਿਚ ਆਉਣ ਕਰਕੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਹਨ ਤੇ ਸਿਰ ਤੇ ਸੱਟ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਤੇ ਫਿਰੋਜ਼ਪੁਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਅਤੇ ਕੁੱਝ ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਚੀਨੀ ਡੋਰ ਤੋਂ ਪ੍ਰਭਾਵਿਤ ਲੋਕਾਂ ਵੱਲੋਂ ਇਲਾਜ ਕਰਵਾਏ ਜਾਣ ਦਾ ਸਮਾਚਾਰ ਹੈ।ਜਿੱਥੇ ਉਹ ਜੇਰੇ ਇਲਾਜ ਹਨ। ਦੱਸਿਆ ਜਾ ਰਿਹਾ ਹੈ ਕਿ ਚਾਈਨਾ ਡੋਰ ਨੇ ਉਨ੍ਹਾਂ ਦੇਚਿਹਰੇ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਡੂੰਘੀਆਂ ਚੋਟਾਂ ਮਾਰੀ ਹਨ ਅਤੇ ਹਾਲਤ ਗੰਭੀਰ ਬਣੀ ਹੋਈ ਹੈ। ਚਾਈਨਾ ਡੋਰ ਕੱਚ ਅਤੇ ਰਸਾਇਣਿਕ ਮਾਦਿਆਂ ਨਾਲ ਬਣੀ ਹੋਣ ਕਾਰਨ ਬਹੁਤ ਹੀ ਖ਼ਤਰਨਾਕ ਹੈ, ਜੋ ਪਲ ਭਰ ਵਿਚ ਮਨੁੱਖੀ ਗਲ਼ੇ, ਹੱਥਾਂ ਅਤੇ ਚਿਹਰੇ ’ਤੇ ਡੂੰਘੇ ਜਖ਼ਮ ਕਰ ਦਿੰਦੀ ਹੈ। ਕਈ ਵਾਰ ਇਹ ਹਾਦਸੇ ਜਾਨਲੇਵਾ ਵੀ ਸਾਬਤ ਹੁੰਦੇ ਹਨ।ਇਨ੍ਹਾਂ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਸਪਲਾਈ ਕਰਨ ਵਾਲਿਆਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਿਰਫ਼ ਦਾਅਵਿਆਂ ਦੀ ਥਾਂ ਹਕੀਕਤੀ ਰੇਡਾਂ ਕਰਕੇ ਚਾਈਨਾ ਡੋਰ ਨੂੰ ਪੂਰੀ ਤਰ੍ਹਾਂ ਰੋਕਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਅਤੇ ਆਮ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।