ਬੱਚਿਆਂ ਨੂੰ ਪੜ੍ਹਾਇਆ ਟਰੈਫਿਕ ਨਿਯਮਾਂ ਦੀ ਪਾਲਣਾ ਦਾ ਪਾਠ
ਦਾਸ ਐਂਡ ਬ੍ਰਾਊਨ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਇਆ ਟਰੈਫਿਕ ਨਿਯਮਾਂ ਦੀ ਪਾਲਣਾ ਦਾ ਪਾਠ
Publish Date: Sat, 31 Jan 2026 04:16 PM (IST)
Updated Date: Sat, 31 Jan 2026 04:19 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵੱਲੋਂ ਟਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਟਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਪ੍ਰਿੰਸੀਪਲ ਰੁਚੀ ਪਾਂਡੇ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸਕੂਲ ਵਿੱਚ ਯਾਤਾਯਾਤ ਨਿਯਮਾਂ ਬਾਰੇ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੇ ਸੈਮੀਨਾਰ ਲਗਵਾਉਣ ਬਾਰੇ ਜਾਣਕਾਰੀ ਦਿੱਤੀ ਗਈ। ਵਿਸ਼ਨੂੰ ਭਗਵਾਨ ਰਾਏ ਬਹਾਦੁਰ ਆਡੀਟੋਰੀਅਮ ਵਿੱਚ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਵਰਤਮਾਨ ਵਿਚ ਵੱਧਦੇ ਟਰੈਫਿਕ ਨੂੰ ਦੇਖਦੇ ਹੋਏ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਲਾਈਟਾਂ ਦੀ ਹਮੇਸ਼ਾ ਪਾਲਣਾ ਕਰਨੀ ਚਾਹੀਦੀ ਹੈ ਅਤੇ ਹੈਲਮੇਟ ਪਹਿਨ ਕੇ ਹੀ ਦੋਪਹੀਆ ਵਾਹਨ ਚਲਾਉਣਾ ਚਾਹੀਦਾ ਹੈ ਅਤੇ ਟ੍ਰਿਪਲ ਰਾਈਡਿੰਗ (ਤਿੰਨ ਸਵਾਰੀਆਂ) ਤੋਂ ਬਚਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਨੇ ਕਿਹਾ ਕਿ 16 ਤੋਂ 18 ਸਾਲ ਦੀ ਉਮਰ ਦੇ ਬੱਚੇ 50 ਹਾਰਸ ਪਾਵਰ ਤੋਂ ਘੱਟ ਦੇ ਦੋਪਹੀਆ ਵਾਹਨ ਚਲਾ ਸਕਦੇ ਹਨ ਅਤੇ ਉਸ ਦੇ ਲਈ ਲਾਇਸੈਂਸ ਬਣਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਵਿਚ ਦੇਸ਼ ਅਤੇ ਰਾਜ ਵਿੱਚ ਲਗਾਤਾਰ ਦੁਰਘਟਨਾਵਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਸਾਈਕਲ ’ਤੇ ਆਉਣ ਜਾਂ ਫਿਰ ਸਕੂਲ ਵੱਲੋਂ ਨਿਰਧਾਰਿਤ ਬੱਸਾਂ ਜਾਂ ਫਿਰ ਮਾਪਿਆਂ ਦੇ ਨਾਲ ਆਉਣ। ਸਕੂਲੀ ਵਿਦਿਆਰਥੀਆਂ ਨੂੰ ਕਾਰ ਚਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਯਾਤਾਯਾਤ ਦੇ ਸਰਕਾਰ ਦੇ ਸਖ਼ਤ ਨਿਯਮਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਈ-ਚਲਾਨ ਪਾਲਸੀ ਬਾਰੇ ਵੀ ਦੱਸਿਆ। ਇਸ ਮੌਕੇ ਸੀਨੀਅਰ ਜੀਐੱਮ ਰਿਟਾਇਰਡ ਕਰਨਲ ਰਾਜੇਸ਼ ਆਨੰਦ, ਡੀਜੀਐੱਮ ਐਡਮਿਨ ਡਾ. ਸੈਲਿਨ, ਗੁਰਿੰਦਰਜੀਤ ਕੌਰ ਸਮੇਤ ਹੋਰ ਹਾਜ਼ਰ ਸਨ।