ਜੀਐੱਸਟੀ ਮਸਲੇ ’ਤੇ ਵਪਾਰ ਮੰਡਲ ਨੇ ਕੀਤੀ ਚਰਚਾ
ਜੀਐੱਸਟੀ ਮਸਲੇ ’ਤੇ ਵਪਾਰ ਮੰਡਲ ਸਰਗਰਮ, ਵਿਭਾਗ ਨਾਲ ਜਲਦੀ ਹੋਵੇਗੀ ਮੀਟਿੰਗ
Publish Date: Tue, 03 Feb 2026 05:01 PM (IST)
Updated Date: Tue, 03 Feb 2026 05:05 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਜਤਿੰਦਰ ਇੱਛਪੁਜਾਨੀ ਦੀ ਅਗਵਾਈ ਹੇਠ ਸਥਾਨਕ ਵਪਾਰੀਆਂ ਦੀ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਚੀਫ਼ ਪੈਟਰਨ ਅਸ਼ੋਕ ਅਨੇਜਾ, ਬੰਟੀ ਵਾਟਸ, ਪਰਮੋਦ ਝਾਂਬ, ਰਾਜਿੰਦਰ ਛਾਬੜਾ, ਗੁਲਸ਼ਨ ਕੁਮਾਰ, ਰਣਜੀਤ ਸਿੰਘ, ਪ੍ਰੇਮ ਕੰਬੋਜ, ਗੋਰਾ, ਜਸਪਾਲ ਸਿੰਘ ਦਰਗਨ, ਹਰਵਿੰਦਰ ਸਿਡਾਨਾ, ਬਿੱਟੂ ਡੂਮਰਾ, ਜੌਨੀ ਕੁੱਕੜ, ਕਾਰਤਿਕ ਠੱਕਰ, ਹੈਪੀ ਸਚਦੇਵਾ, ਜਗਦੀਸ਼ ਅਰੋੜਾ, ਸਾਜਨ ਰੰਗਬੁੱਲਾ ਅਤੇ ਰਮਣ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਵਪਾਰੀਆਂ ਨੇ ਜੀਐੱਸਟੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ। ਜ਼ਿਲ੍ਹਾ ਪ੍ਰਧਾਨ ਜਤਿੰਦਰ ਇੱਛਪੁਜਾਨੀ ਨੇ ਕਿਹਾ ਕਿ ਮੈਨੂੰ ਦੂਜੀ ਵਾਰ ਇਹ ਜ਼ਿੰਮੇਵਾਰੀ ਦੇਣਾ ਵਪਾਰੀਆਂ ਦਾ ਮੇਰੇ ’ਤੇ ਭਰੋਸਾ ਹੈ। ਮੌਜੂਦਾ ਹਾਲਾਤ ਵਿੱਚ ਵਪਾਰੀ ਚਾਹੁੰਦੇ ਹਨ ਕਿ ਜੀਐੱਸਟੀ ਨੂੰ ਸੌਖਾ ਅਤੇ ਪਾਰਦਰਸ਼ੀ ਬਣਾਇਆ ਜਾਵੇ। ਛੋਟੇ ਵਪਾਰੀਆਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਅਤੇ ਬਿਨਾਂ ਵਜ੍ਹਾ ਵਾਲੇ ਜੁਰਮਾਨੇ ਤੁਰੰਤ ਖਤਮ ਹੋਣੇ ਚਾਹੀਦੇ ਹਨ। ਇਸ ਮਸਲੇ ’ਤੇ ਜਲਦੀ ਹੀ ਸੰਗਠਨ ਵੱਲੋਂ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੰਗ ਪੱਤਰ ਸੌਂਪਿਆ ਜਾਵੇਗਾ। ਚੀਫ਼ ਪੈਟਰਨ ਅਸ਼ੋਕ ਅਨੇਜਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਪਾਰੀਆਂ ਦਾ ਮਜ਼ਬੂਤ ਮੰਚ ਹੈ। ਮੀਟਿੰਗ ਦੇ ਅੰਤ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਵਪਾਰ ਮੰਡਲ ਜਲਦੀ ਹੀ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਨਾਲ ਔਪਚਾਰਿਕ ਮੀਟਿੰਗ ਕਰੇਗਾ, ਜਿਸ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਲਿਖਤੀ ਰੂਪ ਵਿੱਚ ਸੌਂਪੀਆਂ ਜਾਣਗੀਆਂ। ਨਾਲ ਹੀ ਸੰਗਠਨ ਨੂੰ ਜ਼ਿਲ੍ਹਾ ਪੱਧਰ ’ਤੇ ਹੋਰ ਸਰਗਰਮ ਬਣਾਉਣ, ਨਵੀਂ ਮੈਂਬਰਸ਼ਿਪ ਜੋੜਣ ਅਤੇ ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਜਾਰੀ ਰੱਖਣ ’ਤੇ ਵੀ ਸਹਿਮਤੀ ਬਣੀ।