ਸੁਰੱਖਿਆ ਪ੍ਰਬੰਧਾਂ ਤੇ ਨਿਯਮਾਂ ਨੂੰ ਛਿੱਕੇ ਟੰਗ ਚਲਾਇਆ ਜਾ ਰਿਹਾ ਕਰਨੀਵਾਲ ਮੇਲਾ

ਰਵੀ ਮੌਂਗਾ, ਪੰਜਾਬੀ ਜਾਗਰਣ
ਗੁਰੂਹਰਸਹਾਏ : ਇਲਾਕੇ ਅੰਦਰ ਪੁਲ ਦੇ ਨਾਲ ਚਲਾਏ ਜਾ ਰਹੇ ਇਕ ਕਰਨੀਵਾਲ ਮੇਲੇ ਤੇ ਪ੍ਰਬੰਧਕਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਥੇ ਆਉਣ ਵਾਲੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਪਿੰਡ ਮੋਹਣ ਕੇ ਉਤਾੜ ਦੇ ਸਰਪੰਚ ਪੂਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਇੱਥੇ ਮੇਲਾ ਵੇਖਣ ਆਏ ਸਨ ਤੇ ਉੱਥੇ ਖੜੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਕੋਲੋਂ ਪ੍ਰਤੀ ਮੈਂਬਰ 20 ਰੁਪਏ ਐਂਟਰੀ ਫੀਸ ਤੇ ਨਾਲ ਹੀ ਮੋਟਰਸਾਈਕਲ ਪਾਰਕਿੰਗ ਫੀਸ 20 ਰੁਪਏ ਦੀ ਮੰਗ ਕੀਤੀ ਗਈ। ਜਦ ਸਰਪੰਚ ਪੂਰਨ ਸਿੰਘ ਨੇ ਮੇਲੇ ਦੌਰਾਨ ਪ੍ਰਬੰਧਕਾਂ ਕੋਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਪੁੱਛ ਪੜਤਾਲ ਕੀਤੀ ਤਾਂ ਉੱਥੇ ਖੜੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ। ਦੱਸਣਯੋਗ ਹੈ ਕਿ ਮੇਲਿਆਂ ਦੌਰਾਨ ਪਹਿਲਾਂ ਵੀ ਕਈ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ। ਗੁਰੂਹਰਸਹਾਏ ਵਿਖੇ ਲੱਗੇ ਇਸ ਮੇਲੇ ਦੌਰਾਨ ਵੀ ਵੱਡੀਆਂ ਅਣਗਹਿਲੀਆਂ ਦੇਖਣ ਨੂੰ ਮਿਲੀਆਂ, ਪ੍ਰਬੰਧਕਾਂ ਵੱਲੋਂ ਇੱਥੇ ਲੋਕਾਂ ਦੀ ਸੁਰੱਖਿਆ ਵਾਸਤੇ ਫਾਇਰ ਬਿ੍ਗੇਡ ਅਤੇ ਐਂਬੂਲੈਂਸ ਦਾ ਪੁਖਤਾ ਪ੍ਰਬੰਧ ਨਹੀਂ ਸੀ। ਮੇਲੇ ਅੰਦਰ ਜੂਏ ਵਰਗੀਆਂ ਖੇਡਾਂ ਵੀ ਖਿਡਾਈਆਂ ਜਾ ਰਹੀਆਂ ਹਨ। ਖਾਣ-ਪੀਣ ਦੇ ਸਟਾਲਾਂ ’ਤੇ ਵੀ ਫੂਡ ਸੇਫਟੀ ਨੂੰ ਅਣਗੌਲਿਆਂ ਕੀਤਾ ਗਿਆ ਹੈ।
ਬਿਨਾਂ ਪ੍ਰਸ਼ਾਸਨਿਕ ਮਨਜ਼ੂਰੀ ਲਗਾਇਆ ਮੇਲਾ
ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮੇਲੇ ਨੂੰ ਚਲਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਗਈ, ਫਿਰ ਵੀ ਪ੍ਰਬੰਧਕਾਂ ਵੱਲੋਂ ਇਸ ਮੇਲੇ ਨੂੰ ਨਜਾਇਜ਼ ਤੌਰ ’ਤੇ ਚਲਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਰਪੰਚ ਪੂਰਨ ਸਿੰਘ ਨੇ ਮੰਗ ਕੀਤੀ ਕੀਂ ਬਿਨ੍ਹਾ ਨਿਯਮਾਂ ਨੂੰ ਛਿੱਕੇ ਟੰਗ ਚਲਾਇਆ ਜਾਂ ਰਹੇ ਇਸ ਧੰਦੇ ਖ਼ਿਲਾਫ਼ ਪ੍ਰਸਾਸ਼ਨ ਕਰਵਾਈ ਅਮਲ ਵਿਚ ਲਿਆਵੇ ਤਾਂ ਜੋਂ ਕੋਈ ਵੱਡਾ ਹਾਦਸਾ ਨਾ ਹੋਵੇ। ਇਸ ਸਬੰਧੀ ਜੱਦ ਪੱਤਰਕਾਰਾਂ ਨੇ ਪ੍ਰਬੰਧਕਾਂ ਨੂੰ ਲਗਾਏ ਗਏ ਪੀੜ੍ਹਤ ਵੱਲੋਂ ਕਥਿਤ ਦੋਸ਼ਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਪ੍ਰਸ਼ਾਸਨ ਕੋਲੋਂ ਮੇਲੇ ਨੂੰ ਚਲਾਉਣ ਸਬੰਧੀ ਅਲੱਗ ਅਲੱਗ ਮਹਿਕਮਿਆਂ ਤੋਂ ਮਿਲੀ ਐਨਓਸੀ ਬਾਰੇ ਪੁੱਛਿਆ ਤਾਂ ਉਨ੍ਹਾਂ ਬਿਨ੍ਹਾ ਜਵਾਬ ਦਿੱਤੇ ਚੱਲਦੇ ਬਣੇ।
ਐੱਸਡੀਐੱਮ ਨੂੰ ਨਹੀਂ ਜਾਣਕਾਰੀ
ਜਦ ਇਸ ਸਬੰਧੀ ਐੱਸਡੀਐੱਮ ਦਫਤਰ ਗੁਰੂਹਰਸਹਾਏ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਨਜ਼ੂਰੀ ਫ਼ਿਰੋਜ਼ਪੁਰ ਡਿਪਟੀ ਕਮਿਸ਼ਨਰ ਦਫਤਰ ਤੋਂ ਮਿਲਣੀ ਹੈ ਉਨਾਂ ਦਿੱਤੀ ਜਾ ਨਹੀਂ ਇਹ ਸਾਨੂੰ ਨਹੀਂ ਪਤਾ। ਜਦ ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਤਾਂ ਉੱਥੇ ਮੌਜ਼ੂਦ ਮੁਕੇਸ਼ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਡੇ ਕੋਲ ਇਨ੍ਹਾਂ ਨੇ 27 ਤਰੀਕ ਦੀ ਅਰਜੀ ਜ਼ਰੂਰ ਲਾਈ ਹੈ ਪਰ ਹਾਲੇ ਮਨਜ਼ੂਰੀ ਨਹੀਂ ਹੋਈ ਜਦ ਇਹ ਪੁੱਛਿਆ ਗਿਆ ਕਿਸ ਦੇ ਇਸ਼ਾਰੇ ’ਤੇ ਇਹ ਚੱਲ ਰਿਹਾ ਤਾਂ ਉਨ੍ਹਾਂ ਕਿਹਾ ਇਹ ਉਹ ਹੀ ਦੱਸ ਸਕਦੇ ਹਨ।