ਮਮਦੋਟ ਦੇ ਪਿੰਡ ਕੜਮਾਂ 'ਚ ਖੂਨੀ ਖੇਡ: ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, 2 ਦੀ ਮੌਤ
ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ,ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉਧਰ ਦੂਜੇ ਪਾਸੇ ਗੋਲੀ ਦਾ ਸ਼ਿਕਾਰ ਹੋਏ ਵਿਰੋਧੀ ਧਿਰ ਦੇ ਸ਼ਖਸ ਜੱਗੇ ਦੀ ਪਿੰਡ ਦੇ ਚੌਂਕ ਵਿਚ ਹੀ ਮੌਤ ਹੋ ਗਈ ।
Publish Date: Thu, 05 Mar 2026 07:46 AM (IST)
Updated Date: Thu, 05 Mar 2026 07:52 AM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ: ਸਰਹੱਦੀ ਕਸਬਾ ਮਮਦੋਟ ਦੇ ਪਿੰਡ ਕੜਮਾਂ ਵਿਚ ਦੋ ਧੜਿਆਂ ਵਿਚ ਚੱਲੀ ਗੋਲੀ ਕਾਰਨ ਦੋਵਾਂ ਧਿਰਾਂ ਦੇ ਇਕ-ਇਕ ਵਿਅਕਤੀ ਦੀ ਮੌਤ ਹੋ ਗਈ । ਗੋਲੀਬਾਰੀ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ਆ ਕੇ ਦਮ ਤੋੜ ਦਿੱਤਾ। ਮਾਰੇ ਗਏ ਦੋਵੇਂ ਵਿਅਕਤੀ ਇਕ ਦੂਜੇ ਦੇ ਵਿਰੋਧੀ ਧੜੇ ਦੇ ਦੱਸੇ ਜਾ ਰਹੇ ਹਨ। ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਥਾਣਾ ਮਮਦੋਟ ਪੁਲਿਸ ਅਤੇ ਡੀਐਸਪੀ ਦਿਹਾਤੀ ਕਰਨ ਸ਼ਰਮਾ ਮੌਕੇ ’ਤੇ ਪਹੁੰਚ ਗਏ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਿਲਾਰਾ ਸਿੰਘ ਪੁੱਤਰ ਲਾਲ ਸਿੰਘ ਵਾਸੀ ਕੜਮਾ ਜਦੋਂ ਆਪਣੇ ਘਰ ਬੈਠਾ ਸੀ ਤਾਂ ਤਿੰਨ ਚਾਰ ਜਣਿਆ ਨੇ ਆ ਕੇ ਉਸ ਦੇ ਗੋਲੀ ਮਾਰ ਦਿੱਤੀ।ਗੋਲੀ ਉਸ ਦੇ ਮੋਢੇ ਤੋਂ ਥੱਲੇ ਲੱਗੀ ਸੀ ।ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ,ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉਧਰ ਦੂਜੇ ਪਾਸੇ ਗੋਲੀ ਦਾ ਸ਼ਿਕਾਰ ਹੋਏ ਵਿਰੋਧੀ ਧਿਰ ਦੇ ਸ਼ਖਸ ਜੱਗੇ ਦੀ ਪਿੰਡ ਦੇ ਚੌਂਕ ਵਿਚ ਹੀ ਮੌਤ ਹੋ ਗਈ ।ਇਸ ਸਬੰਧੀ ਮ੍ਰਿਤਕ ਖਿਲਾਰੇ ਦੇ ਭਰਾ ਵੱਲੋਂ ਕਬੂਤਰਬਾਜ਼ੀ ਤੋਂ ਹੋਈ ਤਕਰਾਰ ਵਿਚ ਗੋਲੀ ਚੱਲੀ ਦੱਸੀ ਜਾ ਰਹੀ ਹੈ।ਉਧਰ ਆਹਮੋ ਸਾਹਮਣੇ ਚੱਲੀਆਂ ਗੋਲੀਆਂ ਸਬੰਧੀ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਹਮਲਾਵਰਾਂ ਨੇ ਘਰ ਆ ਕੇ ਖਿਲਾਰੇ ਦੇ ਗੋਲੀ ਮਾਰੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਪਿਸਤੋਲ ਖੋਹ ਕੇ ਉਨ੍ਹਾਂ ਦੇ ਹੀ ਗੋਲੀ ਮਾਰ ਦਿੱਤੀ, ਜਿਸ ਨਾਲ ਦੂਜੇ ਵਿਅਕਤੀ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ।