ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਪਿੰਡ ਕਮਾਲੇ ਵਾਲਾ ਪਹੁੰਚੀ ਅਤੇ ਬੀਐੱਸਐੱਫ ਦੇ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿੱਚੋਂ ਦੋ ਡਰੋਨ ਅਤੇ ਹੈਰੋਇਨ ਦੇ ਦੋ ਪੁਲੰਦੇ ਬਰਾਮਦ ਹੋਏ। ਜਦੋਂ ਇਨ੍ਹਾਂ ਪੁਲੰਦਿਆਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਵਿੱਚੋਂ 1 ਕਿਲੋ 550 ਗ੍ਰਾਮ ਹੈਰੋਇਨ ਮਿਲੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਹੱਦੀ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵੱਲੋਂ ਹਿੰਦ ਪਾਕ ਕੌਮਾਂਤਰੀ ਸਰਹੱਦ ਨੇੜੇ ਚਲਾਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ 2 ਕਿਲੋ 567 ਗ੍ਰਾਮ ਹੈਰੋਇਨ ਅਤੇ ਤਿੰਨ ਡਰੋਨ ਬਰਾਮਦ ਕੀਤੇ ਹਨ। ਇਹ ਕਾਰਵਾਈ ਵੱਖ-ਵੱਖ ਸਰਹੱਦੀ ਪਿੰਡਾਂ ਵਿਚ ਕੀਤੀ ਗਈ, ਜਿੱਥੇ ਪਾਕਿਸਤਾਨੀ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤੀ ਖੇਤਰ ਵਿਚ ਸੁੱਟੀ ਗਈ ਸੀ।
ਇਸ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਮਮਦੋਟ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਐਕਟ ਅਤੇ ਭਾਰਤੀ ਵਾਯੂਯਾਨ ਅਧਿਨਿਯਮ ਐਕਟ 2024 (ਕਮਰਸ਼ੀਅਲ) ਤਹਿਤ ਮੁਕੱਦਮੇ ਦਰਜ ਕੀਤੇ ਹਨ। ਥਾਣਾ ਸਦਰ ਫਿਰੋਜ਼ਪੁਰ ਦੇ ਐੱਚਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 99 ਬੀਐੱਨ ਬੀਐੱਸਐੱਫ ਪਛਾੜੀਆਂ ਦੇ ਅਸਿਸਟੈਂਟ ਕਮਾਂਡਰ ਅਵਿਨਾਸ਼ਾ ਆਨੰਦ ਵੱਲੋਂ ਡਰੋਨ ਦੀ ਹਲਚਲ ਬਾਰੇ ਗੁਪਤ ਸੂਚਨਾ ਮਿਲੀ ਸੀ।
ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਪਿੰਡ ਕਮਾਲੇ ਵਾਲਾ ਪਹੁੰਚੀ ਅਤੇ ਬੀਐੱਸਐੱਫ ਦੇ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿੱਚੋਂ ਦੋ ਡਰੋਨ ਅਤੇ ਹੈਰੋਇਨ ਦੇ ਦੋ ਪੁਲੰਦੇ ਬਰਾਮਦ ਹੋਏ। ਜਦੋਂ ਇਨ੍ਹਾਂ ਪੁਲੰਦਿਆਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਵਿੱਚੋਂ 1 ਕਿਲੋ 550 ਗ੍ਰਾਮ ਹੈਰੋਇਨ ਮਿਲੀ।
ਇਸੇ ਤਰ੍ਹਾਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ155 ਬਟਾਲੀਅਨ ਬੀਐੱਸਐੱਫ ਬੀਓਪੀ ਐੱਚ ਕੇ ਟੀ ਦੇ ਅਸਿਸਟੈਂਟ ਕਮਾਂਡਟ ਭੋਪਾਲ ਸਿੰਘ ਨੇਗੀ ਨੇ ਪਿੰਡ ਗੁਲਾਮ ਹੁਸੈਨ ਵਾਲਾ ਦੇ ਖੇਤਾਂ ਵਿਚ ਸ਼ੱਕੀ ਵਸਤੂ ਹੋਣ ਦੀ ਇਤਲਾਹ ਦਿੱਤੀ। ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਉਥੋਂ 34 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।
ਉਧਰ ਥਾਣਾ ਮਮਦੋਟ ਐੱਸਆਈ ਦੀਪਕ ਕੁਮਾਰ ਨੇ ਦੱਸਿਆ ਕਿ 155 ਬੀਐੱਨ ਬੀਐੱਸਐੱਫ ਬੀਓਪੀ ਡੀਟੀ ਮੱਲ ਦੇ ਇੰਸਪੈਕਟਰ ਪ੍ਰਮੋਦ ਕੁਮਾਰ ਨਾਇਕ ਵੱਲੋਂ 19 ਅਪ੍ਰੈਲ 2026 ਨੂੰ ਡਰੋਨ ਗਤੀਵਿਧੀ ਬਾਰੇ ਸੂਚਨਾ ਦਿੱਤੇ ਜਾਣ ‘ ਤੇ ਜਦੋਂ ਡੀਟੀ ਮੱਲ ਸਰਹੱਦੀ ਚੌਂਕੀ ਦੇ ਨੇੜੇ ਤਲਾਸ਼ੀ ਲਈ ਤਾਂ ਉਥੋਂ ਇਕ ਟੁੱਟਿਆ ਹੋਇਆ ਡਰੋਨ ਅਤੇ 1 ਕਿਲੋ 68 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਸਾਰਾ ਸਾਮਾਨ ਕਬਜ਼ੇ ਵਿਚ ਲੈ ਕੇ ਅਣਪਛਾਤੇ ਤਸਕਰਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਡਰੋਨ ਕਿਸ ਲੋਕੇਸ਼ਨ ਤੋਂ ਆਏ ਸਨ ਅਤੇ ਭਾਰਤੀ ਪਾਸੇ ਇਨ੍ਹਾਂ ਦੀ ਡਿਲੀਵਰੀ ਕਿਸ ਨੇ ਲੈਣੀ ਸੀ।