ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕਿਸਾਨ ਪੰਚਾਇਤ 2 ਨੂੰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕਿਸਾਨ ਪੰਚਾਇਤ 2 ਫਰਵਰੀ ਨੂੰ
Publish Date: Fri, 30 Jan 2026 06:12 PM (IST)
Updated Date: Fri, 30 Jan 2026 06:13 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਹੇਠ ਪੂਰੇ ਪੰਜਾਬ ਵਿਚ ਜ਼ਿਲ੍ਹਾਵਾਰ ਵੱਡੀਆਂ ਕਿਸਾਨ ਪੰਚਾਇਤਾਂ ਕਰਵਾਈਆਂ ਜਾ ਰਹੀਆਂ ਹਨ। ਇਸ ਦੀ ਸ਼ੁਰੂਆਤ ਦੋ ਫਰਵਰੀ ਦਾਣਾ ਮੰਡੀ ਜ਼ੀਰਾ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੀ ਪਹਿਲੀ ਕਿਸਾਨ ਪੰਚਾਇਤ ਤੋਂ ਕੀਤੀ ਜਾਵੇਗੀ। ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਸਨ੍ਹੇਰ ਬਲਾਕ ਪ੍ਰਧਾਨ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜਪੁਰ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਸਕੱਤਰ ਬੀਕੇਯੂ ਕਾਦੀਆਂ, ਵਿੱਕੀ ਨਾਰੰਗ ਅਤੇ ਤਰਸੇਮ ਸਿੰਘ ਰੂਪ ਸ਼ਹਿਰੀ ਪ੍ਰਧਾਨ ਜ਼ੀਰਾ ਆਦਿ ਨੇ ਦੱਸਿਆ ਕਿ ਦੋ ਫਰਵਰੀ ਨੂੰ ਦਾਣਾ ਮੰਡੀ ਜ਼ੀਰਾ ਵਿਚ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋਵੇਗਾ, ਇਸ ਇਕੱਠ ਵਿਚ ਵੱਖ-ਵੱਖ ਕਿਸਾਨੀ ਮੁੱਦਿਆਂ ਤੇ ਗੰਭੀਰ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਬਿਜਲੀ ਸੋਧ ਐਕਟ ਬਿੱਲ ਲਾਗੂ ਕਰਨ ਜਾ ਰਹੀ ਹੈ ,ਉਨ੍ਹਾਂ ਦੱਸਿਆ ਕਿ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਹੋਏ ਸੀ, ਇਸ ਗੱਲ ਤੇ ਵੀ ਸਹਿਮਤੀ ਹੋਈ ਸੀ ਕਿ ਬਿਜਲੀ ਸੋਧ ਐਕਟ ਲਾਗੂ ਨਹੀਂ ਕੀਤਾ ਜਾਏਗਾ। ਇਸ ਨੂੰ ਅੱਗੇ ਵਧਾਉਣ ਲਈ ਸਰਕਾਰ ਹਰ ਖਪਤਕਾਰ ਲਈ ਚਿੱਪ ਵਾਲੇ ਮੀਟਰ ਲਗਾ ਰਹੀ ਹੈ, ਜਿਸ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਲਗਾਤਾਰ ਵਿਰੋਧ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਬਾਜ਼ਾਰਾਂ ਵਿਚ ਨਕਲੀ ਦੁੱਧ, ਨਕਲੀ ਪਨੀਰ ਅਤੇ ਨਕਲੀ ਖੋਏ ਦੀਆਂ ਮਠਿਆਈਆਂ ਧੜਾਧੜ ਵਿਕ ਰਹੀਆਂ ਹਨ, ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਹੈ । ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਵਿਦੇਸ਼ਾਂ ਵਿਚ ਰੁਲ ਰਹੀ ਜਵਾਨੀ ਅਤੇ ਪੰਜਾਬ ਵਿਚ ਜਵਾਨੀ ਦਾ ਤਬਾਹ ਕੀਤਾ ਜਾ ਰਿਹਾ ਭਵਿੱਖ ਇਸ ਵਿਸ਼ੇ ਤੇ ਵੀ ਵਿਚਾਰ ਚਰਚਾ ਕੀਤੀ ਜਾਏਗੀ। ਇਸ ਦੌਰਾਨ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਮੁੱਖ ਬੁਲਾਰੇ ਰਵਨੀਤ ਸਿੰਘ ਬਰਾੜ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਇਸ ਮੌਕੇ ਪੰਜਾਬ ਦੇ ਭੱਖਦੇ ਮਸਲਿਆਂ ਸਬੰਧੀ ਗੰਭੀਰ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ ।