ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਵੱਲੋਂ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼
ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਵੱਲੋਂ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼
Publish Date: Wed, 26 Nov 2025 08:31 PM (IST)
Updated Date: Wed, 26 Nov 2025 08:32 PM (IST)

- ਲੁਧਿਆਣਾ ਦੇ ਆਪ੍ਰੇਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ, 20.55 ਲੱਖ ਨਕਦ ਬਰਾਮਦ ਕੀਤੇ ਗਏ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਤੇ ਸਪੈਸ਼ਲ ਡੀਜੀਪੀ ਅਤੇ ਏਡੀਜੀਪੀ, ਏਐੱਨਟੀਐੱਫ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੁਰਿੰਦਰਬੀਰ ਸਿੰਘ ਸਿੱਧੂ ਏਆਈਜੀ, ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ, ਭੁਪਿੰਦਰ ਸਿੰਘ ਡੀਐੱਸਪੀ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਅਤੇ ਪ੍ਰਿਥੀਪਾਲ ਸਿੰਘ, ਡੀਐੱਸਪੀ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਦੀ ਅਗਵਾਈ ਹੇਠ ਐੱਸਆਈ ਨਵਦੀਪ ਕੌਰ ਇੰਚਾਰਜ਼ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਦੀ ਅਗਵਾਈ ਵਾਲੀ ਟੀਮ ਵੱਲੋਂ ਨਵੰਬਰ 24/25 ਦੀ ਅੱਧੀ ਰਾਤ 2025 ਨੂੰ ਨਸ਼ਾ ਵਿਰੋਧੀ ਕਾਰਵਾਈ ਵਿਚ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ। ਟੀਮ ਨੇ ਇਕ ਵੱਡੇ ਸਰਹੱਦ ਪਾਰ ਨਸ਼ਾ ਰੈਕੇਟ ਐੱਫਆਈਆਰ ਨੰਬਰ 302/2025 ਜਿਸ ਵਿਚ 50 ਕਿਲੋ 14 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਸੀ ਦੀ ਚੱਲ ਰਹੀ ਜਾਂਚ ਵਿੱਚ ਮੁੱਖ ਵਿੱਤੀ ਸਹਾਇਕ ਅਤੇ ਹਵਾਲਾ ਆਪ੍ਰੇਟਰ ਨੂੰ ਗ੍ਰਿਫ਼ਤਾਰ ਕਰ ਕੇ ਅਤੇ ਡਰੱਗ ਮਨੀ 20,55,000 ਦੀ ਨਾਜਾਇਜ਼ ਕਮਾਈ ਜ਼ਬਤ ਕਰਕੇ ਸਫਲਤਾ ਹਾਸਲ ਕੀਤੀ। ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸੰਦੀਪ ਸਿੰਘ ਉਰਫ ਸੀਪਾ ਕੋਲੋਂ ਬਰਾਮਦ ਕੀਤੇ ਗਏ ਮੋਬਾਈਲ ਫੋਨ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਇਕ ਪਾਕਿਸਤਾਨੀ ਨਸ਼ਾ ਤਸਕਰ ਨਾਲ ਅਹਿਮ ਸੰਚਾਰ ਲਿੰਕ ਸਥਾਪਤ ਕੀਤੇ ਗਏ। ਏਐੱਨਟੀਐੱਫ ਹੈੱਡਕੁਆਰਟਰ ਮੋਹਾਲੀ ਅਤੇ ਫ਼ਿਰੋਜ਼ਪੁਰ ਰੇਂਜ ਦੇ ਸਮਰਪਿਤ ਤਕਨੀਕੀ ਸੈੱਲ ਨੇ ਡਿਜੀਟਲ ਫੁੱਟਪ੍ਰਿੰਟ ਨੂੰ ਬੜੀ ਬਾਰੀਕੀ ਨਾਲ ਟਰੇਸ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਹਵਾਲਾ ਆਪ੍ਰੇਟਰ ਦੀ ਪਛਾਣ ਸ਼੍ਰੀਯਾਂਸ਼ ਪੁੱਤਰ ਸ਼ਾਮ ਲਾਲ ਵਾਸੀ ਲੁਧਿਆਣਾ (ਮੂਲ ਰੂਪ ਵਿਚ ਉਹ ਬੀਕਾਨੇਰ, ਰਾਜਸਥਾਨ) ਵਜੋਂ ਹੋਈ। ਸ਼੍ਰੀਯਾਂਸ਼ ਨਸ਼ਿਆਂ ਦੇ ਪੈਸੇ ਨੂੰ ਲਾਂਡਰ ਕਰਨ ਦੀ ਸਹੂਲਤ ਲਈ ਪਾਕਿਸਤਾਨੀ ਤਸਕਰ ਦੇ ਮੈਸੇਜਿੰਗ ਲਿੰਕਾਂ ਦੀ ਵਰਤੋਂ ਕਰ ਰਿਹਾ ਸੀ। ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਦੀ ਇਕ ਟੀਮ ਨੇ ਇਸ ਖੁਫੀਆ ਜਾਣਕਾਰੀ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਫਲਤਾਪੂਰਵਕ ਇਕ ਆਪਰੇਸ਼ਨ ਚਲਾਇਆ ਅਤੇ ਦੋਸ਼ੀ ਹਵਾਲਾ ਆਪ੍ਰੇਟਰ ਸ਼੍ਰੀਯਾਂਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ’ਤੇ ਟੀਮ ਨੇ ਨਾਜਾਇਜ਼ ਨਸ਼ਾ ਤਸਕਰੀ ਦੀ ਕਮਾਈ ਹੋਣ ਦੇ ਸ਼ੱਕ ਵਿਚ 20,55,000 ਡਰੱਗ ਮਨੀ ਨਕਦ ਬਰਾਮਦ ਕੀਤੇ। ਦੋਸ਼ੀ ਸ਼੍ਰੀਯਾਂਸ਼ ਨੂੰ ਰਸਮੀ ਤੌਰ ’ਤੇ ਐੱਨਡੀਪੀਐੱਸ ਐਕਟ, 1985 ਦੀਆਂ ਸਖ਼ਤ ਧਾਰਾਵਾਂ ਖਾਸ ਕਰਕੇ ਧਾਰਾ 27-ਏ ਅਤੇ ਧਾਰਾ 29, ਤਹਿਤ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਧਾਰਾ 27-ਏ ਨੂੰ ਲਾਗੂ ਕਰਨਾ ਸੰਗਠਿਤ ਨਸ਼ਾ ਅਪਰਾਧ ਨੂੰ ਸਮਰਥਨ ਦੇਣ ਵਾਲੇ ਵਿੱਤੀ ਢਾਂਚੇ ’ਤੇ ਹਮਲਾ ਕਰਨ ਦੀ ਪੰਜਾਬ ਪੁਲਿਸ ਦੀ ਕੇਂਦ੍ਰਿਤ ਰਣਨੀਤੀ ਨੂੰ ਦਰਸਾਉਂਦਾ ਹੈ। ਇਸ ਨਾਰਕੋ-ਹਵਾਲਾ ਨੈੱਟਵਰਕ ਦੇ ਬਾਕੀ ਅਗਲੇ ਅਤੇ ਪਿਛਲੇ ਲਿੰਕਾਂ, ਜਿਸ ਵਿਚ ਨਾਜਾਇਜ਼ ਸਮੱਗਰੀ ਵੰਡਣ ਵਿਚ ਸ਼ਾਮਲ ਹੋਰ ਸਹਿ-ਦੋਸ਼ੀਆਂ ਦਾ ਪਤਾ ਲਗਾਉਣਾ ਸ਼ਾਮਲ ਹੈ, ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।