ਭਾਕਿਊ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਨੇ ਕੀਤੀਆਂ ਵਿਚਾਰਾਂ
ਭਾਕਿਊ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਮੀਟਿੰਗ ਦੌਰਾਨ ਚੋਣੀ ਇਜਲਾਸ ਤੇ ਕਿਸਾਨ ਸੰਘਰਸ਼ਾਂ ਲਈ ਐਲਾਨ
Publish Date: Tue, 13 Jan 2026 03:55 PM (IST)
Updated Date: Tue, 13 Jan 2026 03:57 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਿਛਲੇ ਮਹੀਨੇ ਦੌਰਾਨ ਚਲਾਏ ਗਏ ਐਕਸ਼ਨ ਪ੍ਰੋਗਰਾਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਲਈ ਸੰਘਰਸ਼ੀ ਤੇ ਸੰਗਠਨਕ ਕਾਰਜ ਤੈਅ ਕੀਤੇ ਗਏ। ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਸਮੇਂ ਸੂਬਾ ਡੈਲੀਗੇਟ ਇਜਲਾਸ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤਹਿਤ 15 ਫ਼ਰਵਰੀ ਤੱਕ ਪਿੰਡ ਪੱਧਰੀ ਇਕਾਈਆਂ ਦੀਆਂ ਚੋਣਾਂ ਪੂਰੀਆਂ ਕੀਤੀਆਂ ਜਾਣਗੀਆਂ। ਫ਼ਰਵਰੀ ਦੇ ਅਖੀਰ ਤੱਕ ਬਲਾਕ ਅਤੇ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਮੁਕੰਮਲ ਕਰਕੇ ਮਾਰਚ ਮਹੀਨੇ ਵਿੱਚ ਸੂਬਾ ਕਮੇਟੀ ਦੀ ਚੋਣ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇਜਲਾਸ ਜਥੇਬੰਦੀ ਲਈ ਇੱਕ ਵੱਡਾ ਤੇ ਮਹੱਤਵਪੂਰਨ ਕਾਰਜ ਹੈ, ਜੋ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਦਿਸ਼ਾ ਦੇਵੇਗਾ। ਮੀਟਿੰਗ ਵਿਚ ਸਪਸ਼ਟ ਕੀਤਾ ਗਿਆ ਕਿ ਭਾਵੇਂ ਜਥੇਬੰਦੀ ਉੱਤੇ ਇਜਲਾਸ ਦੀ ਵੱਡੀ ਜ਼ਿੰਮੇਵਾਰੀ ਹੈ, ਫਿਰ ਵੀ ਕਿਸਾਨ–ਮਜ਼ਦੂਰ ਮੋਰਚੇ ਵੱਲੋਂ ਤੈਅ ਕੀਤੇ ਪ੍ਰੋਗਰਾਮਾਂ ਅਤੇ ਕੋਮੀ ਇਨਸਾਫ਼ ਮੋਰਚੇ ਦੇ ਸੱਦੇ ਨੂੰ ਆਪਣੀ ਵਿੱਤੀ ਤੇ ਸੰਗਠਨਕ ਸਮਰੱਥਾ ਨਾਲ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਲੋਹੜੀ ਦੇ ਮੌਕੇ ਬਿਜਲੀ ਬਿੱਲਾਂ, ਮਨਰੇਗਾ ਸੋਧ ਕਾਨੂੰਨ ਅਤੇ ਬੀਜ ਬਿੱਲ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 21 ਅਤੇ 22 ਫ਼ਰਵਰੀ ਨੂੰ ਚਿਪ ਵਾਲੇ ਮੀਟਰ ਉਤਾਰਨ ਲਈ ਤਿੱਖੀ ਕਾਰਵਾਈ ਕਰਨ ਦਾ ਐਲਾਨ ਵੀ ਕੀਤਾ ਗਿਆ। ਮੀਟਿੰਗ ਦੇ ਅੰਤ ਵਿਚ ਇਨਕਲਾਬੀ ਸਾਥੀ ਸੋਹਣ ਸਿੰਘ ਬਗਰਾੜੀ ਦੇ ਅਕਾਲ ਦਿਹਾਂਤ ’ਤੇ ਸ਼ੋਕ ਮਤਾ ਪਾਸ ਕੀਤਾ ਗਿਆ। ਸਮੂਹ ਮੀਟਿੰਗ ਨੇ ਲੋਕ ਲਹਿਰ ਲਈ ਉਨ੍ਹਾਂ ਵੱਲੋਂ ਕੀਤੀਆਂ ਨਿਸ਼ਕਾਮ ਸੇਵਾਵਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਮੀਟਿੰਗ ਵਿਚ ਕਾਰਜਕਾਰੀ ਜਰਨਲ ਸਕੱਤਰ ਲਾਲ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਕੱਤਰ ਵੱਡੀ ਗਿਣਤੀ ਵਿਚ ਹਾਜ਼ਰ ਰਹੇ।