ਜਦਕਿ ਕੇਂਦਰ ਸਰਕਾਰ ਦਾ ਰਵੱਈਆ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ। ਇਸ ਸਬੰਧੀ ਜਿੱਥੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਲੁਧਿਆਣਾ ਦੇ ਹਸਪਤਾਲ ਪਹੁੰਚ ਕੇ ਸਾਰਾ ਸਮਾਂ ਪਰਿਵਾਰ ਦੇ ਨਾਲ ਖੜ੍ਹੇ ਰਹੇ ਹਨ। ਉੱਥੇ ਘਰ ਆ ਕੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਕੇਂਦਰ ਸਰਕਾਰ ਦੇ ਨੁੰਮਾਇੰਦਿਆਂ ਵੱਲੋਂ ਇਕ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਮਦਦ ਨਹੀਂ ਕੀਤੀ ਗਈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ‘ਆਪਰੇਸ਼ਨ ਸਿੰਧੂਰ’ ਦੀ ਵਰ੍ਹੇਗੰਢ ’ਤੇ ਜਿੱਥੇ ਦੇਸ਼ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਯਾਦ ਕਰ ਰਿਹਾ ਹੈ, ਉੱਥੇ ਪਿੰਡ ‘ਖਾਈ ਫੇਮੇ ਕੀ’ ਦਾ ਇਕ ਪਰਿਵਾਰ ਜੰਗ ਦੀ ਉਸ ਕਾਲੀ ਰਾਤ ਨੂੰ ਅੱਜ ਵੀ ਭੁੱਲ ਨਹੀਂ ਪਾ ਰਿਹਾ, ਜਿਸ ਨੇ ਤਿੰਨ ਮੈਂਬਰੀ ਪਰਿਵਾਰ ’ਚੋਂ ਦੋ ਜ਼ਿੰਦਗੀਆਂ ਖੋਹ ਲਈਆਂ ਅਤੇ ਇਕ ਘਰ ਨੂੰ ਸਦੀਵੀਂ ਉਜਾੜ ਕੇ ਰੱਖ ਦਿੱਤਾ ਹੈ।
ਦਰਅਸਲ, ਭਾਰਤੀ ਫੌਜ ਵੱਲੋਂ ਬੀਤੇ ਸਾਲ ‘ਆਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਵਿੱਚਲੇ ਅੱਤਵਾਦੀ ਟਿਕਾਣਿਆਂ ’ਤੇ ਕੀਤੇ ਗਏ ਮਿਜ਼ਾਇਲੀ ਹਮਲਿਆਂ ਤੋਂ ਬਾਅਦ ਬੌਂਦਲੇ ਪਾਕਿਸਤਾਨ ਨੇ ਭਾਰਤੀ ਸਰਹੱਦੀ ਇਲਾਕਿਆਂ ਵੱਲ ਮਿਜ਼ਾਈਲਾਂ ਅਤੇ ਸੈਂਕੜੇ ਡਰੋਨ ਦਾਗੇ ਸਨ। ਹਾਲਾਂਕਿ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੇ ਲਗਭਗ ਸਾਰੇ ਹੀ ਡਰੋਨ ਅਤੇ ਮਿਜ਼ਾਇਲਾਂ ਹਵਾ ’ਚ ਹੀ ਤਬਾਹ ਕਰ ਦਿੱਤੇ ਪਰ ਉਨ੍ਹਾਂ ਸੈਂਕੜੇ ਡਰੋਨਾਂ ’ਚੋਂ ਤਬਾਹ ਹੋਏ ਇਕ ਡਰੋਨ ਦਾ ਮਲਬਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿਖੇ ਜਦੋਂ ਇਕ ਘਰ ’ਤੇ ਡਿੱਗਾ ਤਾਂ ਚੁਫੇਰੇ ਅੱਗ ਲੱਗ ਗਈ। ਇਸ ਦੌਰਾਨ 55 ਸਾਲਾ ਲਖਵਿੰਦਰ ਸਿੰਘ, ਉਸ ਦੀ ਪਤਨੀ 50 ਸਾਲਾ ਸੁਖਵਿੰਦਰ ਕੌਰ ਅਤੇ ਬੇਟਾ ਜਸਵੰਤ ਸਿੰਘ ਜਖ਼ਮੀ ਹੋ ਗਏ ਸਨ, ਜਦਕਿ ਘਰ ਵਿਚ ਖੜ੍ਹੀ ਇਕ ਕਾਰ ਸੜ ਗਏ ਅਤੇ ਕੁੱਝ ਮੱਝਾਂ ਵੀ ਮਰ ਗਈਆਂ ਸਨ। ਕੁੱਝ ਦਿਨਾਂ ਦੇ ਇਲਾਜ਼ ਦੌਰਾਨ ਦੋਵੇਂ ਪਤੀ ਪਤਨੀ ਦੀ ਮੌਤ ਹੋ ਗਈ ਸੀ।
ਬੀਤੇ ਸਾਲ 6-7 ਮਈ ਦੀ ਰਾਤ ਭਾਰਤ ਵੱਲੋਂ ਕੀਤੇ ‘ਆਪਰੇਸ਼ਨ ਸਿੰਧੂਰ’ ਦੇ ਇਕ ਸਾਲ ਹੋਣ ’ਤੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਦੀ ਉਹ ਕਾਲੀ ਰਾਤ ਵੀ ਯਾਦ ਆ ਗਈ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਸ਼ੁਰੂ ਹੋਈ ਜੰਗ ਦੌਰਾਨ 9 ਮਈ ਨੂੰ ਡਰੋਨ ਹਮਲੇ ਦੌਰਾਨ ਘਰ ’ਚ ਮੌਜੂਦ 50 ਸਾਲਾ ਸੁਖਵਿੰਦਰ ਕੌਰ, ਉਸ ਦੇ ਪਤੀ ਲਖਵਿੰਦਰ ਸਿੰਘ ਅਤੇ ਪੁੱਤਰ ਜਸਵੰਤ ਸਿੰਘ ਗੰਭੀਰ ਤੌਰ ’ਤੇ ਝੁਲਸ ਗਏ ਸਨ। ਤਿੰਨਾਂ ਨੂੰ ਤੁਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕਰੀਬ ਤਿੰਨ ਦਿਨ ਬਾਅਦ 12 ਮਈ ਨੂੰ ਸੁਖਵਿੰਦਰ ਕੌਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।
ਪਰਿਵਾਰ ਹਾਲੇ ਇਸ ਸਦਮੇ ਤੋਂ ਸੰਭਲ ਨਹੀਂ ਸਕਿਆ ਸੀ ਕਿ ਕਰੀਬ 52 ਦਿਨ ਮੌਤ ਨਾਲ ਜੰਗ ਲੜਨ ਤੋਂ ਬਾਅਦ 2 ਜੁਲਾਈ ਨੂੰ ਲਖਵਿੰਦਰ ਸਿੰਘ ਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਕ ਡਰੋਨ ਦੇ ਮਲਬੇ ਨੇ ਪਲਾਂ ’ਚ ਘਰ ਦੀਆਂ ਖੁਸ਼ੀਆਂ ਖੋਹ ਲਈਆਂ। ਪਿੰਡ ਖਾਈ ਫੇਮੇ ’ਚ ਅੱਜ ਵੀ ਉਸ ਰਾਤ ਦੀਆਂ ਚੀਖਾਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।ਘਰ ਦਾ ਇਕਲੌਤਾ ਮੈਂਬਰ ਜਸਵੰਤ ਸਿੰਘ ਆਪਣੇ ਮਾਪਿਆਂ ਦੀ ਉਸ ਅਣਹੋਣੀ ਮੌਤ ਨੂੰ ਚੇਤੇ ਕਰਕੇ ਅੱਜ ਵੀ ਪੁੱਛਦਾ ਹੈ ਕਿ ਉਨ੍ਹਾਂ ਦਾ ਕੀ ਕਸੂਰ ਸੀ।
ਉਜੜੇ ਘਰ ਜਾਣ ਦੀ ਹਿੰਮਤ ਹੀ ਨਹੀਂ ਜੁਟਾ ਸੱਕਿਆ ਮਾਪਿਆਂ ਦਾ ਜਸਵੰਤ
9 ਮਈ ਦੀ ਉਸ ਰਾਤ ਨੂੰ ਸੱਭ ਕੁੱਝ ਗਵਾ ਚੁੱਕਾ ਘਰ ਦਾ ਇਕਲੌਤਾ ਮੈਂਬਰ ਜਸਵੰਤ ਸਿੰਘ ਉਸ ਘਟਨਾ ਨੂੰ ਯਾਦ ਕਰਕੇ ਅੱਜ ਵੀ ਸਹਿਕ ਜਾਂਦਾ ਹੈ, ਜਿਸ ਨੇ ਉਸ ਦੀ ਜਿੰਦਗੀ ਹੀ ਉਜਾੜ ਦਿੱਤੀ ਸੀ। ਘਰ ਦੇ ਅੰਦਰ ਝਾਕਣ ’ਤੇ ਅੱਜ ਵੀ ਸੜੀ ਹੋਈ ਕਾਰ, ਧਮਾਕੇ ਨਾਲ ਟੁੱਟੀਆਂ ਕੰਧਾਂ ਅਤੇ ਬਿਖਰਿਆ ਹੋਇਆ ਸਾਮਾਨ ਨਜ਼ਰ ਆਉਂਦਾ ਹੈ। ਇਸ ਦੁਖਾਂਤ ਕਾਰਨ ਜਸਵੰਤ ਸਿੰਘ ਹੁਣ ਉਸ ਘਰ ’ਚ ਰਹਿਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਅਤੇ ਪਿੰਡ ਵਰੀਆਮ ਸਿੰਘ ਵਾਲਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਿਹਾ ਹੈ। ਜਸਵੰਤ ਨੇ ਦਰਦ ਭਰੇ ਲਹਿਜ਼ੇ ’ਚ ਕਿਹਾ ਕਿ ਦੋਵਾਂ ਦੇਸ਼ਾਂ ਦੀ ਇਸ ਦੁਸ਼ਮਣੀ ’ਚ ਉਸ ਦਾ ਸਭ ਕੁਝ ਲੁੱਟਿਆ ਗਿਆ ਹੈ।
ਵਿਧਾਇਕ ਰਣਬੀਰ ਭੁੱਲਰ ਨੇ ਪੰਜਾਬ ਸਰਕਾਰ ਤੋਂ ਦੁਆਈ ਮਦਦ
ਇਸ ਸਬੰਧੀ ਜਸਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਸਾਰਾ ਇਲਾਜ ਆਪਣੇ ਖਰਚੇ ’ਤੇ ਕਰਵਾਇਆ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ, ਜਦਕਿ ਕੇਂਦਰ ਸਰਕਾਰ ਦਾ ਰਵੱਈਆ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ। ਇਸ ਸਬੰਧੀ ਜਿੱਥੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਲੁਧਿਆਣਾ ਦੇ ਹਸਪਤਾਲ ਪਹੁੰਚ ਕੇ ਸਾਰਾ ਸਮਾਂ ਪਰਿਵਾਰ ਦੇ ਨਾਲ ਖੜ੍ਹੇ ਰਹੇ ਹਨ। ਉੱਥੇ ਘਰ ਆ ਕੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਕੇਂਦਰ ਸਰਕਾਰ ਦੇ ਨੁੰਮਾਇੰਦਿਆਂ ਵੱਲੋਂ ਇਕ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਮਦਦ ਨਹੀਂ ਕੀਤੀ ਗਈ।