ਫ਼ਿਰੋਜ਼ਪੁਰ ਅੱਜ ਪਹੁੰਚੇਗਾ ਅਲੌਕਿਕ ਨਗਰ ਕੀਰਤਨ : ਦੀਪਸ਼ਿਖਾ ਸ਼ਰਮਾ
ਫ਼ਿਰੋਜ਼ਪੁਰ ਅੱਜ ਪਹੁੰਚੇਗਾ ਅਲੌਕਿਕ ਨਗਰ ਕੀਰਤਨ : ਦੀਪਸ਼ਿਖਾ ਸ਼ਰਮਾ
Publish Date: Wed, 19 Nov 2025 04:09 PM (IST)
Updated Date: Wed, 19 Nov 2025 04:10 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਦਿਵਸ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਬਾਬਾ ਜੈਤਾ ਜੀ ਦੀਆਂ ਅਮਰ ਕੁਰਬਾਨੀਆਂ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਨੂੰ ਸਵੇਰੇ ਫ਼ਰੀਦਕੋਟ ਤੋਂ ਚੱਲ ਕੇ ਫ਼ਿਰੋਜ਼ਪੁਰ ਪਹੁੰਚੇਗਾ ਅਤੇ ਅੱਗੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਲਈ ਸੰਪੂਰਨ ਹੋਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨੇ ਨਗਰ ਕੀਰਤਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਕੀਤਾ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਨਗਰ ਕੀਰਤਨ ਦੇ ਰੂਟ, ਸਾਫ਼-ਸਫਾਈ, ਸੜਕਾਂ ਦੀ ਹਾਲਤ, ਸਟਰੀਟ ਲਾਈਟਾਂ, ਪਾਣੀ ਦੀ ਉਪਲਬਧਤਾ, ਟਰੈਫ਼ਿਕ ਮੈਨੇਜਮੈਂਟ ਅਤੇ ਲੰਗਰ ਸਥਾਨਾਂ ਸਮੇਤ ਹੋਰ ਪ੍ਰਬੰਧਾਂ ਬਾਰੇ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਜਿੱਥੇ ਵੀ ਕਮੀ ਜਾਂ ਖਾਮੀ ਹੈ, ਉਸ ਦੀ ਤੁਰੰਤ ਮੁਰੰਮਤ ਯਕੀਨੀ ਬਣਾਈ ਜਾਵੇ ਅਤੇ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਖ਼ਾਸ ਤੌਰ ’ਤੇ ਸਫਾਈ ਪ੍ਰਬੰਧਾਂ ’ਤੇ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਨਗਰ ਕੀਰਤਨ ਦੇ ਰੂਟ ’ਤੇ ਸੁਰੱਖਿਆ, ਪੂਰੀ ਸਾਫ਼-ਸਫਾਈ, ਕੂੜੇਦਾਨ, ਦਰਖ਼ਤਾਂ ਦੀ ਛੰਗਾਈ, ਪੀਣ ਵਾਲੇ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਲੰਗਰ ਵਾਲੇ ਸਥਾਨਾਂ ’ਤੇ ਸਫਾਈ ਅਤੇ ਕੂੜਾ ਨਿਪਟਾਰੇ ਦਾ ਵੀ ਪੂਰਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਟਰੈਫ਼ਿਕ ਮੈਨੇਜਮੈਂਟ ਅਤੇ ਫਸਟ ਏਡ ਸਹੂਲਤਾਂ ਨੂੰ ਵੀ ਪੂਰੀ ਤਰ੍ਹਾਂ ਤਿਆਰ ਰੱਖਣ ਲਈ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਮਿਤੀ 20 ਨਵੰਬਰ ਨੂੰ ਸਵੇਰੇ ਕਿਲ੍ਹਾ ਮੁਬਾਰਕ ਵਿੱਚ ਸਥਿਤ ਬਾਬਾ ਫਰੀਦ ਜੀ ਦੇ ਤਪ ਅਸਥਾਨ ਤੋਂ ਸ਼ੁਰੂ ਹੋਵੇਗਾ ਅਤੇ ਗੋਲੇਵਾਲਾ ਤੋਂ ਹੁੰਦਾ ਹੋਇਆ ਫਿਰੋਜ਼ਪੁਰ ਵਿਖੇ ਦਾਖਲ ਹੋਵੇਗਾ। ਇਹ ਨਗਰ ਕੀਰਤਨ ਫਿਰੋਜ਼ਪੁਰ ਛਾਉਣੀ-ਸ਼ੇਰ ਸ਼ਾਹ ਵਲੀ ਚੌਂਕ-ਭਾਸਕਰ ਚੌਕ-ਗੁਰਦੁਆਰਾ ਸਾਰਾਗੜ੍ਹੀ ਸਾਹਿਬ-ਸ਼ਹੀਦ ਊਧਮ ਸਿੰਘ ਚੌਂਕ-ਮੱਲਵਾਲ ਰੋਡ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਬਾਜ਼ੀਦਪੁਰ ਵਿਖੇ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਉਪਰੰਤ ਇਹ ਨਗਰ ਕੀਰਤਨ ਫਿਰੋਜ਼ਪੁਰ ਤੋਂ ਮੋਗਾ, ਜਗਰਾਓ, ਲੁਧਿਆਣਾ, ਖੰਨਾ, ਸਰਹਿੰਦ, ਸ੍ਰੀ ਫਤਿਹਗੜ੍ਹ ਸਾਹਿਬ, ਮੋਰਿੰਡਾ, ਸ੍ਰੀ ਚਮਕੌਰ ਸਾਹਿਬ, ਰੂਪਨਗਰ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਅਲੌਕਿਕ ਨਗਰ ਕੀਰਤਨ ਵਿਚ ਵੱਧ ਚੜ੍ਹ ਸ਼ਾਮਲ ਹੋਣ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਨਿਧੀ ਕੁਮਦ ਬੰਬਾਹ, ਐੱਸਡੀਐੱਮ ਫਿਰੋਜ਼ਪੁਰ ਗੁਰਦੇਵ ਸਿੰਘ ਧੰਮ, ਸਹਾਇਕ ਕਮਿਸ਼ਨਰ ਸਿਮਰਨਜੀਤ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ।